ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦੀ ਸ਼ੁਰੂਆਤ, 30 ਦਿਨਾਂ ਵਿੱਚ ਸਾਫ਼-ਸੁਥਰਾ ਸ਼ਹਿਰ ਬਣਾਉਣ ਦਾ ਟੀਚਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ਹਿਰੀ ਸਫ਼ਾਈ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪਟਿਆਲਾ ਤੋਂ ਹਾਈਬ੍ਰਿਡ ਸਫ਼ਾਈ ਮਾਡਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਪਟਿਆਲਾ ਨੂੰ ਅਗਲੇ 30 ਦਿਨਾਂ ਵਿੱਚ ਸੂਬੇ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿੱਚ ਸ਼ਾਮਲ ਕਰਨਾ ਹੈ।

ਇਸ ਮਾਡਲ ਵਿੱਚ ਮਸ਼ੀਨੀ ਅਤੇ ਹੱਥੀਂ ਕੀਤੀ ਜਾਣ ਵਾਲੀ ਸਫ਼ਾਈ ਨੂੰ ਇਕੱਠੇ ਅਮਲ ਵਿੱਚ ਲਿਆਂਦਾ ਜਾਵੇਗਾ। ਯੋਜਨਾ ਤਹਿਤ ਘਾਹ ਅਤੇ ਝਾੜੀਆਂ ਦੀ ਮਸ਼ੀਨਾਂ ਨਾਲ ਕਟਾਈ, ਸੁਪਰ-ਸਕਸ਼ਨ ਅਤੇ ਸਕਰੱਬਰ ਮਸ਼ੀਨਾਂ ਰਾਹੀਂ ਸੜਕਾਂ ਦੀ ਸਫ਼ਾਈ, ਜੈਵਿਕ ਕੂੜੇ ਦੀ ਹੱਥੀਂ ਇਕੱਠੀ ਕਰਨ ਦੀ ਪ੍ਰਕਿਰਿਆ ਅਤੇ ਸੜਕਾਂ ਦੀ ਨਿਯਮਤ ਧੁਆਈ ਇੱਕ ਨਿਰਧਾਰਿਤ ਹਫ਼ਤਾਵਾਰੀ ਕਾਰਜਕ੍ਰਮ ਅਨੁਸਾਰ ਕੀਤੀ ਜਾਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਇਸ ਚਾਰ-ਪੜਾਅ ਵਾਲੀ ਪ੍ਰਣਾਲੀ ਰਾਹੀਂ ਪਹਿਲਾਂ ਝਾੜੀਆਂ ਅਤੇ ਘਾਹ ਦੀ ਸਫ਼ਾਈ, ਫਿਰ ਕੂੜਾ-ਕਰਕਟ ਹਟਾਉਣ, ਉਸ ਤੋਂ ਬਾਅਦ ਡੂੰਘੀ ਮਸ਼ੀਨੀ ਸਫ਼ਾਈ ਅਤੇ ਅੰਤ ਵਿੱਚ ਸੜਕਾਂ ਦੀ ਧੁਆਈ ਕੀਤੀ ਜਾਵੇਗੀ। ਇਸ ਨਾਲ ਸਫ਼ਾਈ ਪ੍ਰਬੰਧ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ।

ਇਸ ਮੁਹਿੰਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਵੀ ਅਹਿਮ ਰਹੇਗੀ। ਮਸ਼ੀਨਾਂ ਵੱਡੇ ਪੱਧਰ ਦੇ ਕੰਮ ਸੰਭਾਲਣਗੀਆਂ, ਜਦਕਿ ਸਫ਼ਾਈ ਕਰਮਚਾਰੀ ਬਾਰੀਕੀ ਨਾਲ ਸਫ਼ਾਈ ਨੂੰ ਯਕੀਨੀ ਬਣਾਉਣਗੇ। ਇਸ ਨਾਲ ਕਰਮਚਾਰੀਆਂ ਦੀ ਮਿਹਨਤ ਘਟਣ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਅਤੇ ਕਾਰਜਕੁਸ਼ਲਤਾ ਵਿੱਚ ਵੀ ਸੁਧਾਰ ਹੋਣ ਦੀ ਉਮੀਦ ਹੈ।

ਸਰਕਾਰ ਦਾ ਮੰਨਣਾ ਹੈ ਕਿ ਜੇਕਰ ਪਟਿਆਲਾ ਵਿੱਚ ਇਹ ਮਾਡਲ ਸਫ਼ਲ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਇਸਨੂੰ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ, ਤਾਂ ਜੋ ਸ਼ਹਿਰੀ ਸਫ਼ਾਈ ਪ੍ਰਬੰਧ ਨੂੰ ਹੋਰ ਆਧੁਨਿਕ, ਟਿਕਾਊ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।