ਰਾਚੀ ਨੇੜੇ ਰਡਾਰ ਤੋਂ ਲਾਪਤਾ ਹੋਇਆ ਮਾਲਵਾਹਕ ਜਹਾਜ਼, ਸਮੁੰਦਰ ਵਿੱਚ ਵੱਡੇ ਪੱਧਰ 'ਤੇ ਖੋਜ ਮੁਹਿੰਮ ਜਾਰੀ

ਇਸਲਾਮਾਬਾਦ, 8 ਜੁਲਾਈ: ਪਾਕਿਸਤਾਨ ਦੇ ਕਰਾਚੀ ਤੋਂ ਲਗਭਗ 300 ਕਿਲੋਮੀਟਰ ਪੱਛਮ ਵੱਲ ਅਰਬ ਸਾਗਰ ਉੱਪਰ ਇੱਕ ਮਾਲਵਾਹਕ ਜਹਾਜ਼ ਰਡਾਰ ਸੰਪਰਕ ਤੋਂ ਬਾਹਰ ਹੋਣ ਤੋਂ ਬਾਅਦ ਉਸ ਦੀ ਭਾਲ ਲਈ ਵਿਆਪਕ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਕਰਾਚੀ ਵੱਲ ਆ ਰਹੇ ਕੇ2 ਏਅਰਵੇਜ਼ ਦੇ ਕਾਰਗੋ ਜਹਾਜ਼ ਨੇ ਉਡਾਣ ਦੌਰਾਨ ਨੇਵੀਗੇਸ਼ਨ ਪ੍ਰਣਾਲੀ ਵਿੱਚ ਤਕਨੀਕੀ ਖਰਾਬੀ ਦੀ ਸੂਚਨਾ ਦਿੱਤੀ ਸੀ। ਇਸ ਤੋਂ ਕੁਝ ਸਮੇਂ ਬਾਅਦ ਜਹਾਜ਼ ਨਾਲ ਰਡਾਰ ਅਤੇ ਸੰਚਾਰ ਸੰਪਰਕ ਟੁੱਟ ਗਿਆ। ਜਹਾਜ਼ ਵਿੱਚ ਪੰਜ ਕਰੂ ਮੈਂਬਰ ਸਵਾਰ ਦੱਸੇ ਜਾ ਰਹੇ ਹਨ।

ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ਘਟਨਾ ਤੋਂ ਤੁਰੰਤ ਬਾਅਦ ਬਚਾਅ ਤਾਲਮੇਲ ਕੇਂਦਰ ਨੂੰ ਸਰਗਰਮ ਕਰਦੇ ਹੋਏ ਵੱਖ-ਵੱਖ ਏਜੰਸੀਆਂ ਦੇ ਸਹਿਯੋਗ ਨਾਲ ਸਮੁੰਦਰ ਵਿੱਚ ਖੋਜ ਅਭਿਆਨ ਸ਼ੁਰੂ ਕਰ ਦਿੱਤਾ ਹੈ। ਖੋਜ ਖੇਤਰ ਨੂੰ ਵੀ ਵਧਾ ਦਿੱਤਾ ਗਿਆ ਹੈ ਤਾਂ ਜੋ ਜਹਾਜ਼ ਦਾ ਜਲਦੀ ਪਤਾ ਲਗਾਇਆ ਜਾ ਸਕੇ।

ਖੋਜ ਕਾਰਜ ਵਿੱਚ ਪਾਕਿਸਤਾਨੀ ਨੌਸੈਨਾ ਅਤੇ ਵਾਯੂ ਸੈਨਾ ਦੀਆਂ ਟੀਮਾਂ ਸਰਗਰਮ ਹਨ। ਨੌਸੈਨਾ ਦੇ ਜੰਗੀ ਜਹਾਜ਼ ਅਤੇ ਗਸ਼ਤੀ ਬੇੜੇ ਸਮੁੰਦਰ ਵਿੱਚ ਤਾਇਨਾਤ ਕੀਤੇ ਗਏ ਹਨ, ਜਦਕਿ ਨਿਗਰਾਨੀ ਜਹਾਜ਼ ਹਵਾਈ ਸਰਵੇਖਣ ਕਰ ਰਹੇ ਹਨ। ਇਸ ਤੋਂ ਇਲਾਵਾ ਵਪਾਰਕ ਜਹਾਜ਼ਾਂ ਨੂੰ ਵੀ ਖੋਜ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਸ਼ਾਮਲ ਕੀਤਾ ਗਿਆ ਹੈ।

ਅਧਿਕਾਰੀਆਂ ਵੱਲੋਂ ਫਿਲਹਾਲ ਜਹਾਜ਼ ਦੇ ਲਾਪਤਾ ਹੋਣ ਦੇ ਸਹੀ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਬਚਾਅ ਟੀਮਾਂ ਵੱਲੋਂ ਸਮੁੰਦਰ ਵਿੱਚ ਲਗਾਤਾਰ ਖੋਜ ਜਾਰੀ ਹੈ ਅਤੇ ਅਗਲੇ ਅਪਡੇਟ ਦੀ ਉਡੀਕ ਕੀਤੀ ਜਾ ਰਹੀ ਹੈ।