ਨਿੱਝਰ ਕਤਲ ਮਾਮਲਾ: ਗੋਲਡੀ ਬਰਾੜ ਬਾਰੇ ਜਾਣਕਾਰੀ ਦੇਣ 'ਤੇ 50,000 ਡਾਲਰ ਇਨਾਮ ਦਾ ਐਲਾਨ

ਚੰਡੀਗੜ੍ਹ,  : ਅਮਰੀਕੀ ਜਾਂਚ ਏਜੰਸੀ FBI ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 50,000 ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਇਹ ਐਲਾਨ ਉਸ ਦੇ ਖ਼ਿਲਾਫ਼ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਤੋਂ ਬਾਅਦ ਕੀਤਾ ਗਿਆ ਹੈ।
ਜਾਂਚ ਏਜੰਸੀਆਂ ਦੇ ਅਨੁਸਾਰ, ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ 2023 ਵਿੱਚ ਕੈਨੇਡਾ ਦੇ ਸਰੀ (ਬ੍ਰਿਟਿਸ਼ ਕੋਲੰਬੀਆ) ਵਿੱਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨਾਲ ਜੋੜਿਆ ਗਿਆ ਹੈ। ਐੱਫਬੀਆਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਬਰਾੜ ਦੇ ਟਿਕਾਣੇ ਜਾਂ ਉਸ ਨਾਲ ਸਬੰਧਤ ਭਰੋਸੇਯੋਗ ਜਾਣਕਾਰੀ ਹੈ ਤਾਂ ਉਹ ਜਾਂਚ ਏਜੰਸੀ ਨਾਲ ਸਾਂਝੀ ਕਰੇ।
ਗੋਲਡੀ ਬਰਾੜ ਦਾ ਨਾਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੀ ਮੁੱਖ ਦੋਸ਼ੀਆਂ ਵਿੱਚ ਸ਼ਾਮਲ ਹੈ। ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਪੰਜਾਬ ਪੁਲਿਸ ਵੱਲੋਂ ਵੀ ਉਸ ਨੂੰ ਮੋਸਟ ਵਾਂਟੇਡ ਮੁਲਜ਼ਮ ਐਲਾਨਿਆ ਜਾ ਚੁੱਕਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪਹਿਲਾਂ ਤੋਂ ਹੀ ਵੱਖ-ਵੱਖ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ।
ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਅੰਤਰਰਾਸ਼ਟਰੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ।