ਇਰਾਨ ਨਾਲ ਜੰਗ ਬੰਦੀ ਖਤਮ: ਡੋਨਾਲਡ ਟਰੰਪ

ਵਾਸ਼ਿੰਗਟਨ: ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਦੌਰਾਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਬਿਆਨ ਆਇਆ ਹੈ। ਨਾਟੋ ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਤੁਰਕੀ ਪਹੁੰਚੇ ਟਰੰਪ ਨੇ ਕਿਹਾ ਕਿ ਇਰਾਨ ਨਾਲ ਜੰਗਬੰਦੀ ਖ਼ਤਮ ਹੋ ਗਈ ਹੈ। ਟਰੰਪ ਨੇ ਕਿਹਾ ਕਿ ਉਹ ਹੁਣ ਇਰਾਨ ਨਾਲ ਕੋਈ ਡੀਲ ਨਹੀਂ ਚਾਹੁੰਦੇ। ਟਰੰਪ ਨੇ ਕਿਹਾ ਕਿ ਮੈਂ ਇਰਾਨੀਆਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਜਿੰਨੀ ਵਾਰ ਹਮਲਾ ਕਰੋਗੇ, ਅਸੀਂ ਉਸ ਤੋਂ ਵੱਧ ਜਵਾਬੀ ਹਮਲਾ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਰਾਨ ਨੂੰ ਪ੍ਰਮਾਣੂ-ਮੁਕਤ ਕਰਨ ਜਾ ਰਹੇ ਹਾਂ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਬੀਤੀ ਰਾਤ ਇਰਾਨ 'ਤੇ ਬਹੁਤ ਵੱਡਾ ਹਮਲਾ ਕੀਤਾ। ਟਰੰਪ ਨੇ ਨਾਟੋ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੈਂ ਨਾਟੋ ਤੋਂ ਖੁਸ਼ ਨਹੀਂ ਹਾਂ। ਉਹ ਨੰਬਰ ਵਨ ਰਾਜ-ਪ੍ਰਾਯੋਜਿਤ ਅੱਤਵਾਦੀ ਦੇਸ਼ ਇਰਾਨ ਦੇ ਖਿਲਾਫ ਮਦਦ ਨਹੀਂ ਕਰਨਾ ਚਾਹੁੰਦੇ। ਇਰਾਨ ਨਾਲ ਸਹਿਮਤੀ ਪੱਤਰ 'ਤੇ ਟਰੰਪ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਹੁਣ ਖ਼ਤਮ ਹੋ ਗਿਆ ਹੈ। ਇਰਾਨ ਨਾਲ ਡੀਲ ਕਰਨਾ ਸਮਾਂ ਬਰਬਾਦ ਕਰਨਾ ਹੈ।