ਆਖ਼ਰਕਾਰ ਸਚਾਈ ਦੀ ਜਿੱਤ 2 ਸਾਲ ਪਹਿਲਾਂ ਭਾਰਤੀ ਕਾਮੇ ਸਤਨਾਮ ਸਿੰਘ ਦੀ ਹਾਦਸੇ ਦੌਰਾਨ ਹੋਈ ਸੀ ਮੌਤ * ਇਟਾਲੀਅਨ ਖੇਤੀਬਾੜੀ ਮਾਲਕ ਅੰਤੋਨੇਲੋ ਲੋਵਾਤੋ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਹੋਈ 16 ਸਾਲ ਦੀ ਸਜ਼ਾ *

 ਰੋਮ ਇਟਲੀ 9 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਲਾਸੀਓ ਸੂਬੇ ਲਾਤੀਨਾ,ਵਿਖੇ ਭਾਰਤੀ ਮੂਲ ਦੇ ਖੇਤ ਮਜ਼ਦੂਰ ਸਤਨਾਮ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਲਾਤੀਨਾ ਦੀ ਅਦਾਲਤ ਨੇ ਪਹਿਲੇ ਦਰਜੇ ਦਾ ਫ਼ੈਸਲਾ ਸੁਣਾਉਂਦੇ ਹੋਏ ਖੇਤੀਬਾੜੀ ਮਾਲਕ ਅੰਤੋਨੇਲੋ ਲੋਵਾਤੋ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੰਨਿਆ ਕਿ ਗੰਭੀਰ ਹਾਦਸੇ ਤੋਂ ਬਾਅਦ ਜ਼ਖ਼ਮੀ ਸਤਨਾਮ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਣ ਜਾਂ ਐਂਬੂਲੈਂਸ ਬੁਲਾਉਣ ਦੀ ਬਜਾਏ ਉਸਨੂੰ ਬੇਸਹਾਰਾ ਛੱਡ ਦਿੱਤਾ ਗਿਆ, ਜਿਸ ਕਾਰਨ ਉਸਦੀ ਜਾਨ ਨਹੀਂ ਬਚ ਸਕੀ। ਸਰਕਾਰੀ ਵਕੀਲ ਵੱਲੋਂ 22 ਸਾਲ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ 16 ਸਾਲ ਦੀ ਕੈਦ ਦਾ ਫ਼ੈਸਲਾ ਸੁਣਾਇਆ। ਇਹ ਮਾਮਲਾ ਇਟਲੀ ਵਿੱਚ ਖੇਤੀਬਾੜੀ ਖੇਤਰ ਵਿੱਚ ਮਜ਼ਦੂਰਾਂ ਦੇ ਸ਼ੋਸ਼ਣ, ਗੈਰਕਾਨੂੰਨੀ ਰੁਜ਼ਗਾਰ ਅਤੇ ਕੰਮਕਾਜ ਦੀ ਸੁਰੱਖਿਆ ਨੂੰ ਲੈ ਕੇ ਇੱਕ ਪ੍ਰਤੀਕਾਤਮਕ ਕੇਸ ਮੰਨਿਆ ਜਾ ਰਿਹਾ ਹੈ। ਘੰਟਿਆਂ ਤੋਂ ਵੱਧ ਵਿਚਾਰ-ਵਟਾਂਦਰੇ ਤੋਂ ਬਾਅਦ, ਅਦਾਲਤ ਵਲੋ ਇਹ ਫੈਸਲਾ ਸੁਣਾਇਆ ਗਿਆ। ਜਿਕਰਯੋਗ ਹੈ ਕਿ ਸਤਨਾਮ ਸਿੰਘ 17 ਜੂਨ, 2024 ਨੂੰ ਲਾਤੀਨਾ ਦੇ ਬੋਰਗੋ ਸੰਤਾ ਮਾਰੀਆ ਇੱਕ ਫਾਰਮ 'ਤੇ ਸਤਨਾਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ । ਇਸ ਮਾਮਲਾ ਵਿੱਚ ਜਿੱਥੇ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਵਲੋ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕੀਤਾ ਗਿਆ ਸੀ ਤਾਂ ਜੋ ਦੋਸ਼ੀ ਨੂੰ ਸਜ਼ਾ ਮਿਲ ਸਕੇ ਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ।