ਪੰਜਾਬ ਕਾਂਗਰਸ ਵਿੱਚ ਏਕਤਾ ਦਾ ਸੰਦੇਸ਼, ਸੀਨੀਅਰ ਆਗੂਆਂ ਨੇ ਕਿਹਾ—‘ਸਭ ਕੁਝ ਠੀਕ, ਹਾਈਕਮਾਨ ਦੇ ਫ਼ੈਸਲੇ ਦਾ ਸਤਿਕਾਰ’

ਕਾਫ਼ੀ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਅੰਦਰੂਨੀ ਚਰਚਾਵਾਂ ਅਤੇ ਸੂਬਾ ਪ੍ਰਧਾਨੀ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਦੇ ਵਿਚਕਾਰ ਹੁਣ ਪਾਰਟੀ ਦੇ ਸੀਨੀਅਰ ਆਗੂ ਇਕਜੁੱਟਤਾ ਦਾ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਵੱਖ-ਵੱਖ ਨੇਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਵਿੱਚ ਕਿਸੇ ਕਿਸਮ ਦਾ ਟਕਰਾਅ ਨਹੀਂ ਹੈ ਅਤੇ ਸਾਰੇ ਆਗੂ ਹਾਈਕਮਾਨ ਦੇ ਨਾਲ ਖੜ੍ਹੇ ਹਨ।
ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ "ਸਭ ਕੁਝ ਠੀਕ ਹੈ" ਅਤੇ ਪਾਰਟੀ ਦੇ ਅੰਦਰਲੇ ਮਸਲੇ ਆਪਸੀ ਵਿਚਾਰ-ਵਟਾਂਦਰੇ ਰਾਹੀਂ ਸੁਲਝਾਏ ਜਾਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਆਗੂ ਹਾਈਕਮਾਨ ਤੋਂ ਉੱਪਰ ਨਹੀਂ ਹੈ ਅਤੇ ਸਮਾਂ ਆਉਣ 'ਤੇ ਹਰ ਗੱਲ ਦਾ ਹੱਲ ਨਿਕਲ ਆਵੇਗਾ।
ਰਾਣਾ ਗੁਰਜੀਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਪੂਰਥਲਾ ਮੇਅਰ ਚੋਣ ਨਾਲ ਸੰਬੰਧਤ ਮੀਟਿੰਗ ਦੌਰਾਨ ਉਨ੍ਹਾਂ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਨਾ ਕੋਈ ਮੁਲਾਕਾਤ ਹੋਈ ਅਤੇ ਨਾ ਹੀ ਟੈਲੀਫੋਨ 'ਤੇ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੂਰਜ ਠਾਕੁਰ ਨਾਲ ਗੱਲ ਕੀਤੀ ਹੈ ਅਤੇ ਜਲਦ ਹੀ ਮੁਲਾਕਾਤ ਵੀ ਕਰਨਗੇ।
ਇਸੇ ਦੌਰਾਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਜੇਕਰ ਕੋਈ ਅੰਦਰੂਨੀ ਮਸਲਾ ਹੈ ਤਾਂ ਉਹ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਜਾਵੇਗਾ। ਉੱਥੇ ਹੀ ਵਿਧਾਇਕ ਪਰਗਟ ਸਿੰਘ ਨੇ ਵੀ ਕਿਹਾ ਕਿ ਪਾਰਟੀ ਵਿੱਚ ਕਿਸੇ ਤਰ੍ਹਾਂ ਦਾ ਡੈੱਡਲਾਕ ਨਹੀਂ ਹੈ।
ਦੂਜੇ ਪਾਸੇ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਧੜੇ ਵੱਲੋਂ ਪਾਰਟੀ ਹਾਈਕਮਾਨ ਨਾਲ ਮੁਲਾਕਾਤ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਮਾਂ ਨਾ ਮਿਲਣ ਕਾਰਨ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਆਪਣੇ ਨੁਮਾਇੰਦਿਆਂ ਰਾਹੀਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਆਪਣਾ ਪੱਖ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਇਸ ਦਰਮਿਆਨ, ਏਆਈਸੀਸੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਹਾਈਕਮਾਨ ਦੇ ਫ਼ੈਸਲੇ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅਹੁਦਿਆਂ ਬਾਰੇ ਫ਼ੈਸਲੇ ਸੋਚ-ਵਿਚਾਰ ਨਾਲ ਹੁੰਦੇ ਹਨ ਅਤੇ ਇਹ ਕੋਈ ਹਲਕੀ-ਫੁਲਕੀ ਪ੍ਰਕਿਰਿਆ ਨਹੀਂ ਹੈ।