ਅਮਰੀਕੀ ਅਦਾਲਤ ਦਾ ਟਰੰਪ ਨੂੰ ਵੱਡਾ ਝਟਕਾ, ਜਿਨਸੀ ਸ਼ੋਸ਼ਣ ਮਾਮਲੇ ਵਿੱਚ 50 ਲੱਖ ਡਾਲਰ ਹਰਜਾਨਾ ਬਰਕਰਾਰ

ਵਾਸ਼ਿੰਗਟਨ,  : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਨਾਲ ਜੁੜੇ ਮਾਮਲੇ ਵਿੱਚ ਵੱਡਾ ਕਾਨੂੰਨੀ ਝਟਕਾ ਲੱਗਿਆ ਹੈ। ਅਮਰੀਕੀ ਅਦਾਲਤ ਨੇ ਲੇਖਿਕਾ ਈ. ਜੀਨ ਕੈਰੋਲ ਨੂੰ 50 ਲੱਖ ਅਮਰੀਕੀ ਡਾਲਰ ਹਰਜਾਨਾ ਦੇਣ ਦੇ ਪਹਿਲਾਂ ਦਿੱਤੇ ਗਏ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਵੱਲੋਂ ਟਰੰਪ ਦੀ ਅਪੀਲ ਸੁਣਨ ਤੋਂ ਇਨਕਾਰ ਕਰਨ ਮਗਰੋਂ ਇਹ ਫ਼ੈਸਲਾ ਅੰਤਿਮ ਹੋ ਗਿਆ ਹੈ। ਈ. ਜੀਨ ਕੈਰੋਲ ਨੇ ਦੋਸ਼ ਲਗਾਇਆ ਸੀ ਕਿ 1996 ਵਿੱਚ ਨਿਊ ਯੌਰਕ ਦੇ ਇੱਕ ਡਿਪਾਰਟਮੈਂਟ ਸਟੋਰ ਦੇ ਡ੍ਰੈਸਿੰਗ ਰੂਮ ਵਿੱਚ ਟਰੰਪ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਸਾਲ 2019 ਵਿੱਚ ਇਹ ਦੋਸ਼ ਇੱਕ ਕਿਤਾਬ ਰਾਹੀਂ ਸਾਹਮਣੇ ਆਏ, ਜਿਸ ਤੋਂ ਬਾਅਦ ਟਰੰਪ ਨੇ ਦੋਸ਼ਾਂ ਨੂੰ ਨਕਾਰਦਿਆਂ ਕੈਰੋਲ ਨੂੰ ਝੂਠੇ ਦੋਸ਼ ਲਗਾਉਣ ਵਾਲੀ ਕਰਾਰ ਦਿੱਤਾ ਸੀ। ਸਾਲ 2023 ਵਿੱਚ ਨਿਊ ਯੌਰਕ ਦੀ ਇੱਕ ਫੈਡਰਲ ਜਿਊਰੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਕੈਰੋਲ ਦੀ ਮਾਣਹਾਨੀ ਕਰਨ ਦਾ ਦੋਸ਼ੀ ਮੰਨਦਿਆਂ 50 ਲੱਖ ਡਾਲਰ ਹਰਜਾਨਾ ਦੇਣ ਦਾ ਹੁਕਮ ਦਿੱਤਾ ਸੀ। ਹੁਣ ਫੈਡਰਲ ਜੱਜ ਨੇ ਟਰੰਪ ਨੂੰ ਇਹ ਰਕਮ ਵਿਆਜ ਸਮੇਤ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਨਾਲ ਕੁੱਲ ਅਦਾਇਗੀ ਲਗਭਗ 58 ਲੱਖ ਡਾਲਰ ਹੋ ਸਕਦੀ ਹੈ।