ਰੋਜ਼ਗਾਰ ਲਈ ਅਰਮੀਨੀਆ ਗਈ ਪੰਜਾਬ ਦੀ ਨੌਜਵਾਨ ਲੜਕੀ ਦੀ ਬਿਮਾਰੀ ਕਾਰਨ ਮੌਤ, ਪਿੰਡ ਵਿੱਚ ਸੋਗ ਦੀ ਲਹਿਰ

ਪੱਟੀ,  : ਤਰਨ ਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਲੌਹਕਾ ਨਾਲ ਸਬੰਧਤ ਇੱਕ ਪੰਜਾਬੀ ਨੌਜਵਾਨ ਲੜਕੀ ਦੀ ਅਰਮੀਨੀਆ ਵਿੱਚ ਬਿਮਾਰੀ ਕਾਰਨ ਮੌਤ ਹੋ ਜਾਣ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਨੌਜਵਾਨ ਲੜਕੀ ਨਗੀਤਾ ਕਰੀਬ ਇੱਕ ਸਾਲ ਪਹਿਲਾਂ ਬਿਹਤਰ ਰੋਜ਼ਗਾਰ ਦੀ ਭਾਲ ਵਿੱਚ ਅਰਮੀਨੀਆ ਗਈ ਸੀ। ਉਸ ਨੇ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਦੀ ਆਰਥਿਕ ਸਥਿਤੀ ਸੁਧਾਰਨ ਦੇ ਉਦੇਸ਼ ਨਾਲ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ ਸੀ, ਜਿਸ ਲਈ ਪਰਿਵਾਰ ਨੇ ਲਗਭਗ ਸਾਢੇ ਚਾਰ ਲੱਖ ਰੁਪਏ ਖਰਚ ਕੀਤੇ ਸਨ।
ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਦੁਖਦਾਈ ਘਟਨਾ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਪਿੰਡ ਲੌਹਕਾ ਵਿੱਚ ਵੀ ਸੋਗ ਦਾ ਮਾਹੌਲ ਹੈ। ਪਰਿਵਾਰ ਨੇ ਭਾਰਤ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਮ੍ਰਿਤਕਾ ਦੀ ਦੇਹ ਨੂੰ ਜਲਦੀ ਭਾਰਤ ਲਿਆਉਣ ਲਈ ਲੋੜੀਂਦੀ ਸਹਾਇਤਾ ਦੀ ਅਪੀਲ ਕੀਤੀ ਹੈ।