ਭਾਰਤ-ਆਸਟ੍ਰੇਲੀਆ ਨੇ ਊਰਜਾ, ਰੱਖਿਆ ਅਤੇ ਤਕਨਾਲੋਜੀ ਖੇਤਰਾਂ ਵਿੱਚ ਵਧਾਇਆ ਸਹਿਯੋਗ, ਯੂਰੇਨੀਅਮ ਸਪਲਾਈ ਸਮਝੌਤੇ ਦਾ ਐਲਾਨ

ਮੈਲਬੋਰਨ,  : ਭਾਰਤ ਅਤੇ ਆਸਟ੍ਰੇਲੀਆ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਊਰਜਾ, ਰੱਖਿਆ, ਵਪਾਰ, ਪੁਲਾੜ ਅਤੇ ਉੱਚ ਤਕਨਾਲੋਜੀ ਸਮੇਤ ਕਈ ਮਹੱਤਵਪੂਰਨ ਖੇਤਰਾਂ ਵਿੱਚ ਨਵੇਂ ਸਮਝੌਤਿਆਂ ਦਾ ਐਲਾਨ ਕੀਤਾ ਹੈ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਂਥਨੀ ਅਲਬਾਨੀਜ਼ ਨੇ ਮੈਲਬੋਰਨ ਵਿੱਚ ਹੋਈ ਦੁਵੱਲੀ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਯੂਰੇਨੀਅਮ ਦੀ ਸਪਲਾਈ ਭਾਰਤ ਦੇ ਸਾਫ਼ ਅਤੇ ਟਿਕਾਊ ਊਰਜਾ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ 'ਕ੍ਰਿਟੀਕਲ ਮਿਨਰਲਜ਼ ਕਾਰੀਡੋਰ' ਦੇ ਵਿਕਾਸ ਲਈ ਵੀ ਮਿਲ ਕੇ ਕੰਮ ਕਰਨਗੇ, ਜਿਸ ਨਾਲ ਰਣਨੀਤਕ ਖਣਿਜਾਂ ਦੀ ਸਪਲਾਈ ਲੜੀ ਨੂੰ ਮਜ਼ਬੂਤੀ ਮਿਲੇਗੀ।
ਮੀਟਿੰਗ ਦੌਰਾਨ ਪੁਲਾੜ ਖੇਤਰ ਵਿੱਚ ਵੀ ਸਹਿਯੋਗ ਵਧਾਉਣ 'ਤੇ ਸਹਿਮਤੀ ਬਣੀ। ਇਸ ਤਹਿਤ ਆਸਟ੍ਰੇਲੀਆ ਦੇ ਕੋਕੋਸ (ਕੀਲਿੰਗ) ਟਾਪੂਆਂ 'ਤੇ ਇੱਕ ਸਪੇਸ ਟ੍ਰੈਕਿੰਗ ਟਰਮੀਨਲ ਸਥਾਪਤ ਕੀਤਾ ਜਾਵੇਗਾ, ਜੋ ਭਾਰਤ ਦੇ ਗਗਨਯਾਨ ਮਿਸ਼ਨ ਸਮੇਤ ਭਵਿੱਖ ਦੇ ਪੁਲਾੜ ਪ੍ਰੋਗਰਾਮਾਂ ਲਈ ਲਾਭਕਾਰੀ ਸਾਬਤ ਹੋਵੇਗਾ।
ਦੋਵੇਂ ਦੇਸ਼ਾਂ ਨੇ 'ਆਸਟ੍ਰੇਲੀਆ-ਭਾਰਤ ਸਾਈਬਰ, ਕ੍ਰਿਟੀਕਲ ਟੈਕਨਾਲੋਜੀ ਅਤੇ ਸਪਲਾਈ ਚੇਨ ਪਾਰਟਨਰਸ਼ਿਪ' ਸ਼ੁਰੂ ਕਰਨ 'ਤੇ ਵੀ ਸਹਿਮਤੀ ਜਤਾਈ। ਇਸ ਤਹਿਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI), ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਡਿਜੀਟਲ ਢਾਂਚੇ ਨਾਲ ਜੁੜੇ ਖੇਤਰਾਂ ਵਿੱਚ ਸਾਂਝੀ ਖੋਜ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਦੋਵੇਂ ਨੇਤਾਵਾਂ ਨੇ ਕਿਹਾ ਕਿ ਇਹ ਸਮਝੌਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਇੰਡੋ-ਪੈਸੀਫਿਕ ਖੇਤਰ ਵਿੱਚ ਸਥਿਰਤਾ, ਆਰਥਿਕ ਵਿਕਾਸ ਅਤੇ ਤਕਨਾਲੋਜੀਕ ਸਹਿਯੋਗ ਨੂੰ ਵੀ ਮਜ਼ਬੂਤ ਕਰਨਗੇ।