ਮੋਗਾ ਧਮਾਕਾ ਮਾਮਲਾ: ਪ੍ਰਭਾਵਿਤ ਥਾਣੇ ਜਾਣ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਰੋਕਿਆ

ਮੋਗਾ,  : ਮੋਗਾ ਦੇ ਥਾਣਾ ਸਦਰ 'ਤੇ ਹੋਏ ਹੈਂਡ ਗ੍ਰਨੇਡ ਹਮਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪ੍ਰਭਾਵਿਤ ਥਾਣੇ ਦਾ ਦੌਰਾ ਕਰਨ ਤੋਂ ਪੁਲੀਸ ਨੇ ਰੋਕ ਦਿੱਤਾ।

ਰਵਨੀਤ ਬਿੱਟੂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਮੋਗਾ ਪਹੁੰਚ ਕੇ ਹਮਲੇ ਵਾਲੀ ਥਾਂ ਦਾ ਜਾਇਜ਼ਾ ਲੈਣਗੇ ਅਤੇ ਪੁਲੀਸ ਅਧਿਕਾਰੀਆਂ ਤੋਂ ਮਾਮਲੇ ਦੀ ਜਾਣਕਾਰੀ ਹਾਸਲ ਕਰਨਗੇ। ਪਰ ਜਦੋਂ ਉਹ ਆਪਣੇ ਕਾਫਲੇ ਸਮੇਤ ਮੋਗਾ ਪਹੁੰਚੇ ਤਾਂ ਡੀਐਸਪੀ ਦੀ ਅਗਵਾਈ ਹੇਠ ਤਾਇਨਾਤ ਪੁਲੀਸ ਟੀਮ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।

ਪੁਲੀਸ ਅਧਿਕਾਰੀਆਂ ਨੇ ਮੌਕੇ 'ਤੇ ਹੀ ਕੇਂਦਰੀ ਮੰਤਰੀ ਨੂੰ ਜਾਂਚ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲੇ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਇਸ ਦੌਰਾਨ ਬਿੱਟੂ ਨਾਲ ਮੌਜੂਦ ਸਮਰਥਕਾਂ ਅਤੇ ਆਗੂਆਂ ਨੇ ਨਾਅਰੇਬਾਜ਼ੀ ਵੀ ਕੀਤੀ।

ਗੌਰਤਲਬ ਹੈ ਕਿ ਬੀਤੇ ਦਿਨ ਸਵੇਰੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮੋਗਾ ਦੇ ਥਾਣਾ ਸਦਰ 'ਤੇ ਕਥਿਤ ਤੌਰ 'ਤੇ ਹੈਂਡ ਗ੍ਰਨੇਡ ਸੁੱਟਿਆ ਸੀ। ਪੁਲੀਸ ਅਨੁਸਾਰ ਧਮਾਕੇ ਵਿੱਚ ਵਰਤਿਆ ਗਿਆ ਵਿਸਫੋਟਕ ਘੱਟ ਤਾਕਤ ਵਾਲਾ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਧਮਾਕੇ ਨਾਲ ਥਾਣੇ ਅੰਦਰ ਖੜ੍ਹੇ ਦੋ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ।

ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।