ਸਤਲੁਜ’ ਫ਼ਿਲਮ ਹਟਾਉਣ ਦਾ ਮਾਮਲਾ ਹਾਈ ਕੋਰਟ ਪਹੁੰਚਿਆ, OTT ’ਤੇ ਮੁੜ ਰਿਲੀਜ਼ ਕਰਨ ਦੀ ਮੰਗ

ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫ਼ਿਲਮ &lsquoਸਤਲੁਜ&rsquo ਨੂੰ OTT ਪਲੇਟਫਾਰਮ ZEE5 ਤੋਂ ਹਟਾਏ ਜਾਣ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਅਦਾਲਤ ਵਿੱਚ ਦਾਇਰ ਪਟੀਸ਼ਨ ਰਾਹੀਂ ਫ਼ਿਲਮ ਨੂੰ ਮੁੜ ਪਲੇਟਫਾਰਮ 'ਤੇ ਉਪਲਬਧ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਪਟੀਸ਼ਨ ਸ਼ਰਵਣ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਫ਼ਿਲਮ ਨੂੰ ਹਟਾਉਣ ਲਈ ਕਿਸੇ ਵੀ ਅਦਾਲਤੀ ਜਾਂ ਸਰਕਾਰੀ ਹੁਕਮ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਪਟੀਸ਼ਨਰ ਦਾ ਦਾਅਵਾ ਹੈ ਕਿ ਬਿਨਾਂ ਸਪੱਸ਼ਟ ਕਾਨੂੰਨੀ ਆਧਾਰ ਦੇ ਫ਼ਿਲਮ ਨੂੰ ਹਟਾਉਣਾ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ।

ਪਟੀਸ਼ਨ ਅਨੁਸਾਰ, ਪਹਿਲਾਂ &lsquoਪੰਜਾਬ 95&rsquo ਦੇ ਨਾਂ ਨਾਲ ਬਣੀ ਇਸ ਫ਼ਿਲਮ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ 3 ਜੁਲਾਈ ਨੂੰ ZEE5 'ਤੇ ਰਿਲੀਜ਼ ਕੀਤਾ ਗਿਆ ਸੀ। ਹਾਲਾਂਕਿ, ਕਰੀਬ ਦੋ ਦਿਨਾਂ ਬਾਅਦ 5 ਜੁਲਾਈ ਨੂੰ ਇਸ ਨੂੰ ਭਾਰਤ ਵਿੱਚ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।

ਪਟੀਸ਼ਨਰ ਨੇ ਅਦਾਲਤ ਅੱਗੇ ਦਲੀਲ ਦਿੱਤੀ ਹੈ ਕਿ ਇਸ ਕਾਰਵਾਈ ਨਾਲ ਭਾਰਤੀ ਸੰਵਿਧਾਨ ਦੀ ਧਾਰਾ 19(1)(a) ਤਹਿਤ ਮਿਲਣ ਵਾਲੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਜਾਣਕਾਰੀ ਪ੍ਰਾਪਤ ਕਰਨ ਦੇ ਅਧਿਕਾਰ 'ਤੇ ਅਸਰ ਪੈਂਦਾ ਹੈ। ਉਨ੍ਹਾਂ ਅਦਾਲਤ ਤੋਂ ਬੇਨਤੀ ਕੀਤੀ ਹੈ ਕਿ ਫ਼ਿਲਮ ਨੂੰ ਦੇਸ਼ ਭਰ ਵਿੱਚ ਮੁੜ OTT ਪਲੇਟਫਾਰਮ 'ਤੇ ਉਪਲਬਧ ਕਰਵਾਉਣ ਲਈ ਸੰਬੰਧਿਤ ਧਿਰਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ।

ਫ਼ਿਲਹਾਲ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੋਈ ਅੰਤਿਮ ਫ਼ੈਸਲਾ ਨਹੀਂ ਸੁਣਾਇਆ ਹੈ। ਅਦਾਲਤ ਵੱਲੋਂ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।