ਭਾਰਤ-ਆਸਟ੍ਰੇਲੀਆ ਵਿਚਾਲੇ ਇਤਿਹਾਸਕ ਯੂਰੇਨੀਅਮ ਸਮਝੌਤਾ, ਊਰਜਾ ਤੇ ਤਕਨਾਲੋਜੀ ਸਹਿਯੋਗ ਨੂੰ ਮਿਲੇਗੀ ਨਵੀਂ ਰਫ਼ਤਾਰ

ਮੈਲਬੌਰਨ, : ਭਾਰਤ ਅਤੇ ਆਸਟ੍ਰੇਲੀਆ ਨੇ ਯੂਰੇਨੀਅਮ ਸਪਲਾਈ ਸਮੇਤ ਕਈ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਇੱਕ ਮਹੱਤਵਪੂਰਨ ਸਮਝੌਤੇ ਦਾ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਂਥਨੀ ਅਲਬਨੀਜ਼ ਵਿਚਾਲੇ ਮੈਲਬੌਰਨ ਵਿੱਚ ਹੋਈ ਦੁਵੱਲੀ ਮੀਟਿੰਗ ਤੋਂ ਬਾਅਦ ਇਸ ਸਬੰਧੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ।

ਇਸ ਸਮਝੌਤੇ ਤਹਿਤ ਆਸਟ੍ਰੇਲੀਆ ਭਾਰਤ ਨੂੰ ਪਰਮਾਣੂ ਊਰਜਾ ਪ੍ਰੋਗਰਾਮ ਲਈ ਯੂਰੇਨੀਅਮ ਦੀ ਸਪਲਾਈ ਕਰੇਗਾ। ਇਸ ਤੋਂ ਇਲਾਵਾ ਦੋਵੇਂ ਦੇਸ਼ ਰੱਖਿਆ, ਵਪਾਰ, ਸਾਫ਼ ਊਰਜਾ, ਪੁਲਾੜ, ਸਾਈਬਰ ਸੁਰੱਖਿਆ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਵੀ ਸਾਂਝੇ ਤੌਰ 'ਤੇ ਕੰਮ ਕਰਨ 'ਤੇ ਸਹਿਮਤ ਹੋਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੂਰੇਨੀਅਮ ਸਪਲਾਈ ਨਾਲ ਭਾਰਤ ਦੇ ਸਾਫ਼ ਊਰਜਾ ਮਿਸ਼ਨ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਦੋਵੇਂ ਦੇਸ਼ ਮਿਲ ਕੇ ਕ੍ਰਿਟੀਕਲ ਮਿਨਰਲਜ਼ ਕੌਰੀਡੋਰ ਵਿਕਸਿਤ ਕਰਨਗੇ, ਜਿਸ ਨਾਲ ਉੱਚ ਤਕਨਾਲੋਜੀ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਕੋਕੋਸ (ਕੀਲਿੰਗ) ਟਾਪੂ 'ਤੇ ਭਾਰਤ ਦੇ ਗਗਨਯਾਨ ਮਿਸ਼ਨ ਲਈ ਇੱਕ ਸਪੇਸ ਟ੍ਰੈਕਿੰਗ ਟਰਮੀਨਲ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਭਾਰਤੀ ਪੁਲਾੜ ਪ੍ਰੋਗਰਾਮ ਨੂੰ ਤਕਨੀਕੀ ਸਹਾਇਤਾ ਮਿਲੇਗੀ।

ਦੋਵਾਂ ਦੇਸ਼ਾਂ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਸਪਲਾਈ ਚੇਨ ਮਜ਼ਬੂਤੀ ਵਰਗੇ ਖੇਤਰਾਂ ਵਿੱਚ ਸਾਂਝੀ ਖੋਜ ਅਤੇ ਨਿਵੇਸ਼ ਨੂੰ ਵੀ ਅੱਗੇ ਵਧਾਉਣ 'ਤੇ ਸਹਿਮਤੀ ਪ੍ਰਗਟਾਈ।

ਇਸ ਸਮਝੌਤੇ ਨੂੰ ਭਾਰਤ-ਆਸਟ੍ਰੇਲੀਆ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।