ਅਮਰੀਕਾ ਤੋਂ ਕੈਨੇਡਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਪੰਜਾਬੀ ਮੂਲ ਦੇ ਕੈਨੇਡੀਅਨ ਨੂੰ 20 ਸਾਲ ਦੀ ਕੈਦ

ਪੰਜਾਬੀ ਮੂਲ ਦੇ ਇੱਕ ਕੈਨੇਡੀਅਨ ਨਾਗਰਿਕ ਨੂੰ ਅੱਜ ਇੱਕ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਲਈ 240 ਮਹੀਨੇ (20 ਸਾਲ) ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿਕਅਤੀ ਨੇ ਲਗਪਗ ਇੱਕ ਮਹੀਨੇ ਦੇ ਅਰਸੇ ਦੌਰਾਨ ਸੰਯੁਕਤ ਰਾਜ ਅਮਰੀਕਾ ਤੋਂ ਕੈਨੇਡਾ ਵਿੱਚ 17 ਮਿਲੀਅਨ ਡਾਲਰ ਤੱਕ ਦੀ ਕੀਮਤ ਦੀ ਸੈਂਕੜੇ ਕਿਲੋਗ੍ਰਾਮ ਮੈਥਾਮਫੇਟਾਮਾਈਨ ਅਤੇ ਕੋਕੀਨ ਦੀ ਤਸਕਰੀ ਕੀਤੀ ਸੀ।ਸੰਯੁਕਤ ਰਾਜ ਅਟਾਰਨੀ ਦਫ਼ਤਰ ਦੁਆਰਾ ਸਾਂਝੀ ਕੀਤੀ ਗਈ ਇੱਕ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਬਰੈਂਪਟਨ, ਓਨਟਾਰੀਓ, ਕੈਨੇਡਾ ਦੇ 63 ਸਾਲਾ ਗੁਰਅੰਮ੍ਰਿਤ ਸਿੱਧੂ ਨੂੰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਜੌਨ ਏ. ਕ੍ਰੋਨਸਟੈਡ ਦੁਆਰਾ ਸਜ਼ਾ ਸੁਣਾਈ ਗਈ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਸਿੱਧੂ ਨੂੰ ਸਜ਼ਾ ਸੁਣਾਏ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਸਿੱਧੂ ਨੇ 26 ਮਾਰਚ ਨੂੰ ਇੱਕ ਨਿਰੰਤਰ ਅਪਰਾਧਿਕ ਉੱਦਮ ਵਿੱਚ ਸ਼ਾਮਲ ਹੋਣ ਦੇ ਇੱਕ ਦੋਸ਼ ਨੂੰ ਸਵੀਕਾਰ ਕਰ ਲਿਆ ਸੀ ਅਤੇ ਉਹ ਅਕਤੂਬਰ 2024 ਤੋਂ ਫੈਡਰਲ ਹਿਰਾਸਤ ਵਿੱਚ ਹੈ।