ਇਰਾਨ ਵੱਲੋਂ ਹਰਮੁਜ਼ ਜਲ ਮਾਰਗ ਵਿੱਚ ਤੇਲ ਟੈਂਕਰਾਂ ’ਤੇ ਹਮਲੇ

ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਅੰਤਿਮ ਯਾਤਰਾ ਦੌਰਾਨ ਇਰਾਨ ਨੇ ਮੰਗਲਵਾਰ ਨੂੰ ਹਰਮੁਜ਼ ਜਲ ਮਾਰਗ ਵਿੱਚ ਦੁਬਾਰਾ ਹਮਲੇ ਸ਼ੁਰੂ ਕਰ ਦਿੱਤੇ ਹਨ। ਸਰਕਾਰੀ ਮੀਡੀਆ ਆਈ.ਆਰ.ਆਈ.ਬੀ. ਨੇ ਦਾਅਵਾ ਕੀਤਾ ਹੈ ਕਿ ਹਰਮੁਜ਼ ਜਲ ਮਾਰਗ ਵਿੱਚ ਕਤਰ ਦੇ ਤੇਲ ਟੈਂਕਰ 'ਅਲ-ਰਕਾਯਤ' ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਕਾਰਵਾਈ 'ਤੇ ਇਰਾਨ ਦਾ ਕਹਿਣਾ ਹੈ ਕਿ ਹਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ਵਪਾਰਕ ਜਹਾਜ਼ ਉਨ੍ਹਾਂ ਦੇ ਦੱਸੇ ਹੋਏ ਰਸਤਿਆਂ ਦੀ ਪਾਲਣਾ ਨਹੀਂ ਕਰ ਰਹੇ ਹਨ ਅਤੇ ਇਸ ਬਾਰੇ ਦਿੱਤੀ ਗਈ ਚਿਤਾਵਨੀ ਨੂੰ ਅਣਦੇਖਿਆ ਕਰਨ ਕਾਰਨ ਉਹ ਜਹਾਜ਼ਾਂ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਦੇ ਸਕਦੇ। ਇਰਾਨ ਨੇ ਇਹ ਵੀ ਸਾਫ਼ ਕੀਤਾ ਕਿ ਅਜੇ ਹਰਮੁਜ਼ ਜਲ ਮਾਰਗ ਵਿੱਚ ਹਾਲਾਤ ਪਹਿਲਾਂ ਵਰਗੇ ਨਹੀਂ ਹੋਏ ਹਨ।
ਦੂਜੇ ਪਾਸੇ, ਆਇਤੁੱਲਾ ਅਲੀ ਖਾਮੇਨੇਈ ਦੀ ਅੰਤਿਮ ਯਾਤਰਾ ਮੰਗਲਵਾਰ ਨੂੰ ਸ਼ੀਆ ਭਾਈਚਾਰੇ ਦੇ ਪਵਿੱਤਰ ਧਾਰਮਿਕ ਸ਼ਹਿਰ ਕੋਮ ਵਿੱਚ ਪਹੁੰਚੀ, ਜਿੱਥੇ ਖਾਮੇਨੇਈ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਜਨਾਜ਼ੇ ਦੌਰਾਨ ਲੋਕਾਂ ਨੇ ਲਾਲ ਕੱਪੜਾ ਚੜ੍ਹਾਇਆ, ਜਿਸ ਨੂੰ ਇਸਲਾਮੀ ਪਰੰਪਰਾ ਵਿੱਚ ਖੂਨ ਦਾ ਬਦਲਾ ਲੈਣ ਦੀ ਮੰਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ।