ਚੀਨ ਵਿੱਚ ਜੁੱਤਿਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 28 ਲੋਕਾਂ ਦੀ ਮੌਤ

ਫੁਜੀਆਨ: ਪੂਰਬੀ ਚੀਨ ਦੇ ਫੁਜੀਆਨ ਸੂਬੇ ਵਿੱਚ ਇੱਕ ਜੁੱਤੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਿਰਦੇਸ਼ ਦਿੱਤੇ ਹਨ ਕਿ ਪੀੜਤਾਂ ਦੇ ਇਲਾਜ ਲਈ ਸਾਰੇ ਸਰੋਤ ਜੁਟਾਏ ਜਾਣ ਅਤੇ ਘਟਨਾ ਦੇ ਕਾਰਨਾਂ ਦੀ ਤੁਰੰਤ ਜਾਂਚ ਸ਼ੁਰੂ ਕੀਤੀ ਜਾਵੇ। ਫੁਜੀਆਨ ਸੂਬੇ ਦੇ ਜਿਨਜਿਆਂਗ ਸ਼ਹਿਰ ਦੇ ਚੇਂਡਾਈ ਕਸਬੇ ਵਿੱਚ ਸਥਿਤ ਹੁਈਟੇਂਗ ਸ਼ੂ ਫੈਕਟਰੀ ਵਿੱਚ ਦੁਪਹਿਰ 12:04 ਵਜੇ ਅੱਗ ਲੱਗ ਗਈ। ਚੀਨ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਘਟਨਾ ਵਾਲੀ ਥਾਂ 'ਤੇ 183 ਅੱਗ ਬੁਝਾਊ ਕਰਮਚਾਰੀਆਂ ਅਤੇ ਬਚਾਅ ਕਰਮਚਾਰੀਆਂ ਦੇ ਨਾਲ 35 ਗੱਡੀਆਂ ਭੇਜੀਆਂ। ਅੱਗ ਕਾਰਨ ਜਾਨੀ ਨੁਕਸਾਨ ਹੋਇਆ ਹੈ, ਪਰ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਅਜੇ ਜਾਰੀ ਨਹੀਂ ਕੀਤੀ ਗਈ ਹੈ। ਸ਼ਿਨਹੂਆ ਨਿਊਜ਼ ਏਜੰਸੀ ਵੱਲੋਂ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਇਸ ਘਟਨਾ ਵਿੱਚ "ਜਾਨ-ਮਾਲ ਦਾ ਭਾਰੀ ਨੁਕਸਾਨ" ਹੋਇਆ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਹਾਦਸੇ ਦੇ ਕਾਰਨਾਂ ਦਾ ਜਲਦੀ ਪਤਾ ਲਗਾਉਣ ਅਤੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ।