ਭਾਰਤੀ ਮੂਲ ਦੇ ਪੁਲਾੜ ਯਾਤਰੀ ਅਨਿਲ ਮੈਨਨ 14 ਜੁਲਾਈ ਨੂੰ ਅੱਠ ਮਹੀਨਿਆਂ ਦੇ ਪੁਲਾੜ ਮਿਸ਼ਨ 'ਤੇ ਜਾਣਗੇ

ਵਾਸ਼ਿੰਗਟਨ, : ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀ ਅਨਿਲ ਮੈਨਨ 14 ਜੁਲਾਈ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਣ ਜਾ ਰਹੇ ਹਨ। ਇਹ ਉਨ੍ਹਾਂ ਦਾ ਪਹਿਲਾ ਲੰਬੇ ਸਮੇਂ ਦਾ ਪੁਲਾੜ ਮਿਸ਼ਨ ਹੋਵੇਗਾ, ਜਿਸ ਦੌਰਾਨ ਉਹ ਕਰੀਬ ਅੱਠ ਮਹੀਨੇ ਪੁਲਾੜ ਵਿੱਚ ਰਹਿ ਕੇ ਕਈ ਮਹੱਤਵਪੂਰਨ ਵਿਗਿਆਨਕ ਖੋਜਾਂ ਅਤੇ ਪ੍ਰਯੋਗਾਂ ਵਿੱਚ ਹਿੱਸਾ ਲੈਣਗੇ।

49 ਸਾਲਾ ਅਨਿਲ ਮੈਨਨ ਦਾ ਜਨਮ ਅਮਰੀਕਾ ਦੇ ਮਿਨੀਆਪੋਲਿਸ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਤਾ ਯੂਕਰੇਨੀ ਮੂਲ ਦੀ ਹੈ, ਜਦਕਿ ਪਿਤਾ ਭਾਰਤੀ ਮੂਲ ਨਾਲ ਸੰਬੰਧਤ ਹਨ। ਉਹ ਪੇਸ਼ੇ ਵਜੋਂ ਐਮਰਜੈਂਸੀ ਇਲਾਜ ਦੇ ਮਾਹਿਰ ਡਾਕਟਰ ਹਨ ਅਤੇ ਅਮਰੀਕੀ ਪੁਲਾੜ ਫ਼ੌਜ ਵਿੱਚ ਕਰਨਲ ਵਜੋਂ ਵੀ ਸੇਵਾ ਨਿਭਾ ਰਹੇ ਹਨ।

ਪੁਲਾੜ ਯਾਤਰੀ ਬਣਨ ਤੋਂ ਪਹਿਲਾਂ ਅਨਿਲ ਮੈਨਨ ਨੇ ਅਮਰੀਕੀ ਹਵਾਈ ਸੈਨਾ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਤਾਇਨਾਤੀ ਦੌਰਾਨ ਫ਼ੌਜੀ ਡਾਕਟਰ ਵਜੋਂ ਕੰਮ ਕੀਤਾ ਅਤੇ ਮਾਊਂਟ ਐਵਰੇਸਟ 'ਤੇ ਵੀ ਪਰਬਤਾਰੋਹੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਉਹ ਭਾਰਤ ਵਿੱਚ ਇੱਕ ਸਾਲ ਤੱਕ ਵਿਦਿਅਕ ਵਜ਼ੀਫ਼ੇ ਤਹਿਤ ਰਹੇ ਅਤੇ ਪੋਲੀਓ ਟੀਕਾਕਰਨ ਮੁਹਿੰਮ ਨਾਲ ਵੀ ਜੁੜੇ ਰਹੇ।

ਅਨਿਲ ਮੈਨਨ ਕਜ਼ਾਖਸਤਾਨ ਦੇ ਬੈਕਾਨੂਰ ਪੁਲਾੜ ਪ੍ਰਸ਼ੇਪਣ ਕੇਂਦਰ ਤੋਂ ਰੂਸ ਦੇ ਪੁਲਾੜ ਯਾਨ ਰਾਹੀਂ ਉਡਾਣ ਭਰਨਗੇ। ਇਸ ਮਿਸ਼ਨ ਵਿੱਚ ਉਨ੍ਹਾਂ ਦੇ ਨਾਲ ਦੋ ਰੂਸੀ ਪੁਲਾੜ ਯਾਤਰੀ ਵੀ ਸ਼ਾਮਲ ਹੋਣਗੇ।

ਉਨ੍ਹਾਂ ਨੂੰ ਸਾਲ 2021 ਵਿੱਚ ਅਮਰੀਕੀ ਪੁਲਾੜ ਏਜੰਸੀ ਨੇ ਪੁਲਾੜ ਯਾਤਰੀ ਵਜੋਂ ਚੁਣਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਰੀਬ ਦੋ ਸਾਲ ਦੀ ਸਖ਼ਤ ਸਿਖਲਾਈ ਪੂਰੀ ਕੀਤੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਅੰਨਾ ਵਿਲਹੈਲਮ ਵੀ ਪੁਲਾੜ ਯਾਤਰੀ ਹਨ ਅਤੇ ਉਹ ਪਹਿਲਾਂ ਇੱਕ ਨਿੱਜੀ ਪੁਲਾੜ ਮਿਸ਼ਨ ਵਿੱਚ ਹਿੱਸਾ ਲੈ ਚੁੱਕੇ ਹਨ।

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਆਪਣੇ ਅੱਠ ਮਹੀਨਿਆਂ ਦੇ ਟਿਕਾਣੇ ਦੌਰਾਨ ਅਨਿਲ ਮੈਨਨ ਮਨੁੱਖੀ ਸਿਹਤ, ਜੀਵ ਵਿਗਿਆਨ, ਤਕਨਾਲੋਜੀ ਅਤੇ ਪੁਲਾੜ ਵਾਤਾਵਰਨ ਨਾਲ ਜੁੜੇ ਕਈ ਮਹੱਤਵਪੂਰਨ ਵਿਗਿਆਨਕ ਪ੍ਰਯੋਗ ਕਰਨਗੇ। ਇਨ੍ਹਾਂ ਖੋਜਾਂ ਤੋਂ ਭਵਿੱਖ ਦੀਆਂ ਪੁਲਾੜ ਯਾਤਰਾਵਾਂ ਅਤੇ ਧਰਤੀ 'ਤੇ ਵਿਗਿਆਨਕ ਖੋਜ ਨੂੰ ਵੀ ਲਾਭ ਮਿਲਣ ਦੀ ਉਮੀਦ ਹੈ।