ਟਰੰਪ ਦੀ ਇਰਾਨ ਨੂੰ ਸਖ਼ਤ ਚੇਤਾਵਨੀ, ਹਮਲੇ ਦੀ ਸੂਰਤ ਵਿੱਚ ਕਰੜੇ ਜਵਾਬ ਦਾ ਕੀਤਾ ਦਾਅਵਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਅਮਰੀਕਾ ਵੱਲੋਂ ਬਹੁਤ ਕਰੜੀ ਜਵਾਬੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਸਥਿਤੀ ਵਿੱਚ ਇਰਾਨ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਆਪਣੇ ਸਮਾਜਿਕ ਮੰਚ 'ਤੇ ਜਾਰੀ ਬਿਆਨ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫ਼ੌਜ ਹਰ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋੜ ਪੈਣ 'ਤੇ ਤੁਰੰਤ ਜਵਾਬੀ ਕਾਰਵਾਈ ਲਈ ਪਹਿਲਾਂ ਹੀ ਯੋਜਨਾਵਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ।

ਇਸੇ ਦੌਰਾਨ ਕੁਝ ਇਜ਼ਰਾਈਲੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੇ ਇਜ਼ਰਾਈਲ ਵਿੱਚ ਤਾਇਨਾਤ ਆਪਣੇ ਕੁਝ ਅਤਿ-ਆਧੁਨਿਕ ਲੜਾਕੂ ਜਹਾਜ਼ਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਰਿਪੋਰਟਾਂ ਅਨੁਸਾਰ ਇਹ ਜਹਾਜ਼ ਪਿਛਲੇ ਕੁਝ ਮਹੀਨਿਆਂ ਤੋਂ ਉੱਥੇ ਤਾਇਨਾਤ ਸਨ ਅਤੇ ਖੇਤਰੀ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਸਨ।

ਹਾਲਾਂਕਿ ਅਮਰੀਕੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਫ਼ੌਜੀ ਤਾਇਨਾਤੀਆਂ ਜਾਂ ਮੀਡੀਆ ਰਿਪੋਰਟਾਂ ਬਾਰੇ ਵਿਸਥਾਰ ਨਾਲ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਮੱਧ ਪੂਰਬ ਵਿੱਚ ਜਾਰੀ ਤਣਾਅ ਦੇ ਮੱਦੇਨਜ਼ਰ ਟਰੰਪ ਦੇ ਤਾਜ਼ਾ ਬਿਆਨ ਨੇ ਖੇਤਰ ਦੀ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਅੰਤਰਰਾਸ਼ਟਰੀ ਭਾਈਚਾਰਾ ਲਗਾਤਾਰ ਦੋਵੇਂ ਪੱਖਾਂ ਨੂੰ ਸੰਜਮ ਵਰਤਣ ਅਤੇ ਕੂਟਨੀਤਿਕ ਰਾਹੀਂ ਵਿਵਾਦ ਸੁਲਝਾਉਣ ਦੀ ਅਪੀਲ ਕਰ ਰਿਹਾ ਹੈ।