ਕੈਨੇਡਾ-ਅਮਰੀਕਾ ਨੂੰ ਜੋੜਨ ਵਾਲਾ ਨਵਾਂ ਅੰਤਰਰਾਸ਼ਟਰੀ ਪੁੱਲ ਜਲਦ ਹੋਵੇਗਾ ਸ਼ੁਰੂ

ਵੈਨਕੂਵਰ,  : ਕੈਨੇਡਾ ਅਤੇ ਅਮਰੀਕਾ ਵਿਚਾਲੇ ਆਵਾਜਾਈ ਅਤੇ ਵਪਾਰ ਨੂੰ ਹੋਰ ਸੁਗਮ ਬਣਾਉਣ ਲਈ ਡੈਟਰੋਇਟ ਦਰਿਆ ਉੱਤੇ ਬਣਾਇਆ ਗਿਆ ਨਵਾਂ ਅੰਤਰਰਾਸ਼ਟਰੀ ਪੁੱਲ ਹੁਣ ਸ਼ੁਰੂਆਤ ਲਈ ਤਿਆਰ ਹੈ। ਸਬੰਧਤ ਅਧਿਕਾਰੀਆਂ ਵੱਲੋਂ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਇਸ ਨੂੰ ਜਲਦੀ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ਛੇ ਲੇਨਾਂ ਵਾਲਾ ਇਹ ਆਧੁਨਿਕ ਪੁੱਲ ਕੈਨੇਡਾ ਦੇ ਵਿੰਡਸਰ ਸ਼ਹਿਰ ਨੂੰ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਡੈਟਰੋਇਟ ਸ਼ਹਿਰ ਨਾਲ ਜੋੜੇਗਾ। ਇਸ ਵਿੱਚ ਭਾਰੀ ਵਾਹਨਾਂ, ਆਮ ਵਾਹਨਾਂ, ਸਾਈਕਲ ਸਵਾਰਾਂ ਅਤੇ ਪੈਦਲ ਯਾਤਰੀਆਂ ਲਈ ਵੱਖ-ਵੱਖ ਰਸਤੇ ਬਣਾਏ ਗਏ ਹਨ, ਜਿਸ ਨਾਲ ਸਰਹੱਦੀ ਆਵਾਜਾਈ ਹੋਰ ਸੁਰੱਖਿਅਤ ਅਤੇ ਸੁਵਿਧਾਜਨਕ ਹੋਵੇਗੀ।
ਲਗਭਗ ਢਾਈ ਕਿਲੋਮੀਟਰ ਲੰਬਾ ਇਹ ਪੁੱਲ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਤਾਰਾਂ 'ਤੇ ਆਧਾਰਿਤ ਪੁਲਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਹ ਕੈਨੇਡਾ ਦੇ ਹਾਈਵੇਅ 401 ਅਤੇ ਅਮਰੀਕਾ ਦੇ ਹਾਈਵੇਅ 75 ਨੂੰ ਸਿੱਧੇ ਤੌਰ 'ਤੇ ਜੋੜੇਗਾ, ਜਿਸ ਨਾਲ ਵਪਾਰਕ ਮਾਲ ਦੀ ਢੁਆਈ ਅਤੇ ਯਾਤਰਾ ਵਿੱਚ ਸਮੇਂ ਦੀ ਬਚਤ ਹੋਵੇਗੀ।
ਸਾਲ 2018 ਵਿੱਚ ਸ਼ੁਰੂ ਹੋਇਆ ਇਹ ਪ੍ਰੋਜੈਕਟ ਕਰੀਬ ਅੱਠ ਸਾਲਾਂ ਵਿੱਚ ਪੂਰਾ ਹੋਇਆ ਹੈ। ਨਵਾਂ ਪੁੱਲ ਲੰਬੇ ਸਮੇਂ ਤੋਂ ਵਰਤੋਂ ਵਿੱਚ ਰਹੇ ਪੁਰਾਣੇ ਅੰਬੈਸਡਰ ਪੁੱਲ 'ਤੇ ਪੈਂਦੇ ਆਵਾਜਾਈ ਦੇ ਦਬਾਅ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਕਰੀਬ 6 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਦਾ ਖ਼ਰਚਾ ਕੈਨੇਡਾ ਅਤੇ ਅਮਰੀਕਾ ਨੇ ਸਾਂਝੇ ਤੌਰ 'ਤੇ ਚੁਕਿਆ ਹੈ। ਪੁੱਲ ਦੀ ਵਰਤੋਂ ਕਰਨ ਵਾਲੇ ਵਾਹਨਾਂ ਤੋਂ ਨਿਰਧਾਰਤ ਟੋਲ ਫ਼ੀਸ ਵੀ ਵਸੂਲੀ ਜਾਵੇਗੀ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਪੁੱਲ ਦੇ ਚਾਲੂ ਹੋਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਸੈਰ-ਸਪਾਟੇ ਅਤੇ ਸਰਹੱਦੀ ਆਵਾਜਾਈ ਨੂੰ ਨਵਾਂ ਉਤਸ਼ਾਹ ਮਿਲੇਗਾ।