ਭਾਰਤੀ ਮੂਲ ਦੀ ਵਿਦਿਆਰਥਣ ਨੇ ਲੇਖ ਮੁਕਾਬਲਾ ਜਿੱਤਿਆ, ਐਮੀ ਬੇਰਾ ਵੱਲੋਂ ਸਨਮਾਨ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਸੈਕਰਾਮੈਂਟੋ ਕਾਉਂਟੀ ਦੇ ਇੰਦਰਕੁਮ ਹਾਈ ਸਕੂਲ ਦੀ ਸੀਨੀਅਰ ਵਿਦਿਆਰਥਣ ਭਾਰਤੀ ਮੂਲ ਦੀ ਜੂਹੀ ਪਾਰਿਖ ਨੂੰ ਅਮਰੀਕਾ ਦੀ 250 ਵੀਂ ਵਰੇਗੰਢ ਮੌਕੇ ਲੇਖ ਮੁਕਾਬਲਾ ਜਿੱਤਣ ਤੋਂ ਬਾਅਦ ਅਮਰੀਕੀ ਪ੍ਰਤੀਨਿਧੀ ਐਮੀ ਬੇਰਾ ਦੁਆਰਾ ਸਦਨ ਵਿੱਚ ਸਨਮਾਨਿਤ ਕੀਤਾ ਗਿਆ| ਲੇਖ ਦਾ ਸਿਰਲੇਖ ਸੀ &lsquo ਅਮਰੀਕਾ ਦਾ ਤੁਹਾਡੇ ਲਈ ਕੀ ਅਰਥ ਹੈ ? ਇਸ ਮੌਕੇ ਪਾਰਿਖ ਦੀ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਬੇਰਾ ਨੇ ਕਿਹਾ ਕਿ ਨੌਜਵਾਨ ਦੇਸ਼ ਦੇ ਭਵਿੱਖ ਬਾਰੇ ਇੱਕ ਮਹੱਤਵਪੂਰਨ ਦ੍ਰਿਸ਼ਟੀਕੋਣ ਰਖਦੇ ਹਨ, ਇਸ ਦਾ ਪਤਾ ਪਾਰਿਖ ਦੇ ਲੇਖ ਤੋਂ ਲੱਗਦਾ ਹੈ| ਬੇਰਾ ਨੇ ਕਿਹਾ &lsquoਜੂਹੀ ਦਾ ਲੇਖ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਮਰੀਕਾ ਦੀ ਤਾਕਤ ਸਾਡੇ ਵਖਰੇਵਿਆਂ ਦੇ ਬਾਵਜੂਦ ਭਾਈਚਾਰੇ ਵਿਚ ਹੈ| ਪਾਰਿਖ ਦਾ ਲੇਖ ਉਸ ਦੀ ਉਪਨਗਰੀ ਸੈਕਰਾਮੈਂਟੋ ਗਲੀ ਦੇ ਨਾਲ ਰਹਿਣ ਵਾਲੇ ਲੋਕਾਂ &rsquoਤੇ ਕੇਂਦਰਿਤ ਸੀ| ਉਸ ਨੇ ਚੀਨੀ, ਕਾਲੇ, ਮੈਕਸੀਕਨ, ਗੋਰੇ ਅਤੇ ਭਾਰਤੀ ਪਿਛੋਕੜ ਵਾਲੇ
ਗੁਆਂਢੀਆਂ ਦਾ ਵਰਣਨ ਕੀਤਾ ਜਿਨ ਦੇ ਰੋਜ਼ਾਨਾ ਦੇ ਆਪਸੀ ਤਾਲਮੇਲ, ਪਰੰਪਰਾਵਾਂ ਅਤੇ ਸਾਂਝੇ ਅਨੁਭਵ ਵਿਭਿੰਨਤਾ ਅਤੇ ਏਕਤਾ ਦੋਵਾਂ ਨੂੰ ਦਰਸਾਉਂਦੇ ਹਨ| ਉਸ ਨੇ ਆਪਣੇ ਪਰਿਵਾਰ ਦੇ ਅਮਰੀਕਾ ਆਉਣ ਬਾਰੇ ਵੀ ਲਿਖਿਆ ਤੇ ਕਿਹਾ ਕਿ ਕਿਵੇਂ ਉਸ ਦੇ ਪਿਤਾ ਪਹਿਲਾਂ ਕੰਮ ਲਈ ਅਮਰੀਕਾ ਆਏ ਸਨ ਤੇ ਉਸ ਦੀ ਮਾਂ ਬਾਅਦ ਵਿੱਚ ਅਮਰੀਕਾ ਆਈ ਸੀ| ਪਾਰਿਖ ਨੇ ਕਿਹਾ ਕਿ ਉਸ ਦੇ ਆਂਢ- ਗੁਆਂਢ ਦੇ ਬਹੁਤ ਸਾਰੇ ਪਰਿਵਾਰਾਂ ਵਿੱਚ ਕੁਰਬਾਨੀ ਅਤੇ ਨਵੀਂ ਸ਼ੁਰੂਆਤ ਦੀਆਂ ਇਕੋ ਜਿਹੀਆਂ ਕਹਾਣੀਆਂ ਮਿਲਦੀਆਂ ਹਨ ਤੇ ਵੱਖ- ਵੱਖ ਪਿਛੋਕੜਾਂ ਦੇ ਬਾਵਜੂਦ ਸਾਂਝੀਆਂ ਉਮੀਦਾਂ &rsquoਤੇ ਭਾਈਚਾਰਾ ਬਣਿਆ ਹੈ| ਅੰਤ ਵਿੱਚ ਪਾਰਿਖ ਨੇ ਲਿਖਿਆ ਕਿ ਅਮਰੀਕਾ ਸੰਭਾਵਨਾ ਭਰਪੂਰ ਹੈ, ਇੱਕ ਅਜਿਹੀ ਜਗਾ ਹੈ ਜਿੱਥੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਇਕੱਠੇ ਜੀਵਨ ਬਿਤਾ ਸਕਦੇ ਹਨ, ਆਪਣੇ ਮੱਤਭੇਦਾਂ ਨੂੰ ਗਲੇ ਲਗਾ ਸਕਦੇ ਹਨ ਅਤੇ ਆਪਣੇਪਣ ਦੀ ਭਾਵਨਾ ਲੱਭ ਸਕਦੇ ਹਨ|