ਯੂਕੇ ਇੰਟਰਨੈਸ਼ਨਲ 5ਵਾਂ ਗਿੱਧਾ ਮਹਾਂ-ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ ਸੁਨੀਤਾ ਮਹਿਮੀ ਤੇ ਮੁਕੇਸ਼ ਮਹਿਮੀ ਨੇ ਪ੍ਤੀਯੋਗੀਆਂ, ਦਰਸ਼ਕਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ

 ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਦੁਨੀਆ ਦੇ ਜਿਸ ਕੋਨੇ ਵਿੱਚ ਵੀ ਗਏ ਹਨ, ਆਪਣਾ ਵਿਰਸਾ ਸੱਭਿਆਚਾਰਕ ਕਦਰਾਂ ਕੀਮਤਾਂ ਵੀ ਨਾਲ ਲੈ ਕੇ ਗਏ ਹਨ। ਮਨ ਪਰਚਾਵੇ ਦੇ ਸਾਧਨ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਗਿੱਧਾ ਭੰਗੜਾ ਪੂਰੀ ਦੁਨੀਆ ਵਿੱਚ ਵੱਖਰੀ ਪਛਾਣ ਕਾਇਮ ਕਰਨ ਵਿੱਚ ਸਫਲ ਹੋਇਆ ਹੈ। ਇਸ ਸਭ ਦੇ ਪਿੱਛੇ ਅਣਥੱਕ ਸੱਭਿਆਚਾਰਕ ਕਾਮਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਉਹਨਾਂ ਵਿੱਚੋਂ ਹੀ ਇੱਕ ਹਨ ਯੂਕੇ ਵਸਦੇ ਸ੍ਰੀਮਤੀ ਸੁਨੀਤਾ ਮਹਿਮੀ ਤੇ ਉਹਨਾਂ ਦੇ ਪਤੀ ਮੁਕੇਸ਼ ਮਹਿਮੀ। ਇਸ ਜੋੜੀ ਅਤੇ ਉਸਨਾਂ ਦੀ ਟੀਮ ਵੱਲੋਂ ਬਰਮਿੰਘਮ ਯੂਨੀਵਰਸਿਟੀ ਵਿਖੇ ਪੰਜਵਾਂ ਯੂਕੇ ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ 2026 ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਸੱਭਿਆਚਾਰਕ ਮਹਾਂ-ਮੁਕਾਬਲੇ ਨੂੰ ਦੇਖਣ ਲਈ ਪੰਜਾਬੀ ਭਾਈਚਾਰੇ ਦੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਕਿ ਯੂਨੀਵਰਸਿਟੀ ਆਫ ਬਰਮਿੰਘਮ ਦਾ ਹਾਲ ਵੀ ਛੋਟਾ ਜਾਪ ਰਿਹਾ ਸੀ। ਗਿੱਧੇ ਦੇ ਇਹਨਾਂ ਮਹਾਂ-ਮੁਕਾਬਲਿਆਂ ਵਿੱਚ ਵੱਖ-ਵੱਖ 11 ਟੀਮਾਂ ਨੇ ਆਪਣੀ ਰਵਾਇਤੀ ਪੇਸ਼ਕਾਰੀ ਦੇ ਬਿਹਤਰੀਨ ਜੌਹਰ ਦਿਖਾਏ। ਇਸ ਵਾਰ ਇਹ ਮੁਕਾਬਲਾ ਦੋ ਸ਼੍ਰੇਣੀਆਂ (ਲਾਈਵ ਅਤੇ ਪ੍ਰੀ-ਰਿਕਾਰਡਿਡ ਗਿੱਧਾ) ਵਿੱਚ ਕਰਵਾਇਆ ਗਿਆ। ਪ੍ਰੀ-ਰਿਕਾਰਡਿਡ ਗਿੱਧੇ ਵਿੱਚ &lsquoਵਿਰਾਸਤ ਰਗਬੀ&rsquo ਨੇ ਪਹਿਲਾ, &lsquoਗੂੰਜ ਪੰਜਾਬ ਦੀ&rsquo ਨੇ ਦੂਜਾ ਜਦਕਿ &lsquoਆਪਣਾ ਵਿਰਸਾ&rsquo ਅਤੇ &lsquoਸ਼ਾਨ-ਏ-ਪੰਜਾਬ&rsquo ਨੇ ਸਾਂਝੇ ਤੌਰ &lsquoਤੇ ਤੀਜਾ ਸਥਾਨ ਹਾਸਲ ਕੀਤਾ। ਲਾਈਵ ਗਿੱਧਾ ਸ਼੍ਰੇਣੀ ਮੁਕਾਬਲੇ ਵਿੱਚ &lsquoਸਿਟੀ ਗਿੱਧਾ&rsquo ਨੇ ਪਹਿਲਾ, &lsquoਫੋਕ ਰੰਗ&rsquo ਨੇ ਦੂਜਾ ਅਤੇ &lsquoਚਕੋਰ&rsquo ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਮੁਕੇਸ਼ ਅਤੇ ਸੁਨੀਤ ਦੀ ਅਗਵਾਈ ਵਿੱਚ ਕੀਤੇ ਗਏ ਇਸ ਵੱਡੇ ਸਮਾਗਮ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਸੁਨੀਤਾ ਮਹਿਮੀ ਨੇ ਕਿਹਾ ਕਿ ਸਾਨੂੰ ਸਾਡੀ ਮਾਂ ਬੋਲੀ, ਵਿਰਸੇ ਨੇ ਬਹੁਤ ਕੁੱਝ ਦਿੱਤਾ ਹੈ, ਇਹ ਉਪਰਾਲਾ ਸਿਰਫ ਉਸ ਕਰਜ ਦਾ ਵਿਆਜ ਮੋੜਨ ਮਾਤਰ ਹੀ ਹੈ। ਰਵਾਇਤੀ ਗਿੱਧੇ ਦੀ ਸ਼ਾਨ ਬਰਕਰਾਰ ਰੱਖਣ ਤੇ ਸ਼ਾਨ 'ਚ ਵਾਧਾ ਕਰਨ ਲਈ ਉਹ ਆਖਰੀ ਸਾਹ ਤੱਕ ਉਪਰਾਲੇ ਕਰਦੇ ਰਹਿਣਗੇ।