ਰੂਸ ਤੋਂ ਕੱਚੇ ਤੇਲ ਦੀ ਦਰਾਮਦ ਵਿੱਚ ਭਾਰਤ ਨੇ ਬਣਾਇਆ ਨਵਾਂ ਰਿਕਾਰਡ, ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਖ਼ਰੀਦਦਾਰ

ਨਵੀਂ ਦਿੱਲੀ &ndash ਭਾਰਤ ਨੇ ਜੂਨ ਮਹੀਨੇ ਦੌਰਾਨ ਰੂਸ ਤੋਂ ਕੱਚੇ ਤੇਲ ਦੀ ਰਿਕਾਰਡ ਪੱਧਰ 'ਤੇ ਖ਼ਰੀਦਦਾਰੀ ਕਰਦਿਆਂ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਊਰਜਾ ਅਤੇ ਸਾਫ਼ ਹਵਾ ਬਾਰੇ ਖੋਜ ਕਰਨ ਵਾਲੀ ਇੱਕ ਅੰਤਰਰਾਸ਼ਟਰੀ ਸੰਸਥਾ ਦੀ ਰਿਪੋਰਟ ਅਨੁਸਾਰ, ਇਸ ਦੌਰਾਨ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਦਰਾਮਦ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 34 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਰਿਪੋਰਟ ਮੁਤਾਬਕ ਜੂਨ ਵਿੱਚ ਭਾਰਤ ਨੇ ਰੂਸ ਤੋਂ ਕਰੀਬ 4.5 ਅਰਬ ਯੂਰੋ ਦਾ ਕੱਚਾ ਤੇਲ ਖ਼ਰੀਦਿਆ, ਜੋ ਰੂਸ ਤੋਂ ਕੀਤੀ ਗਈ ਕੁੱਲ ਜੈਵਿਕ ਈਂਧਣ ਦਰਾਮਦ ਦਾ ਲਗਭਗ 83 ਫ਼ੀਸਦੀ ਬਣਦਾ ਹੈ।

ਇਸ ਵਾਧੇ ਨਾਲ ਭਾਰਤ, ਚੀਨ ਤੋਂ ਬਾਅਦ ਰੂਸੀ ਜੈਵਿਕ ਈਂਧਣ ਦਾ ਦੂਜਾ ਸਭ ਤੋਂ ਵੱਡਾ ਖ਼ਰੀਦਦਾਰ ਬਣ ਗਿਆ ਹੈ। ਵਿਸ਼ਲੇਸ਼ਕਾਂ ਅਨੁਸਾਰ ਭਾਰਤੀ ਰਿਫਾਇਨਰੀਆਂ ਵੱਲੋਂ ਰੂਸੀ ਕੱਚੇ ਤੇਲ ਦੀ ਵਧੀ ਹੋਈ ਮੰਗ ਇਸ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਅੰਕੜਿਆਂ ਅਨੁਸਾਰ ਇਸੇ ਸਮੇਂ ਦੌਰਾਨ ਭਾਰਤ ਦੀ ਕੁੱਲ ਕੱਚੇ ਤੇਲ ਦੀ ਦਰਾਮਦ ਵਿੱਚ ਵੀ 5.4 ਫ਼ੀਸਦੀ ਦਾ ਮਹੀਨਾਵਾਰ ਵਾਧਾ ਦਰਜ ਕੀਤਾ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਮੁਕਾਬਲੇਬਾਜ਼ ਕੀਮਤਾਂ ਅਤੇ ਸਪਲਾਈ ਦੀ ਉਪਲਬਧਤਾ ਕਾਰਨ ਭਾਰਤ ਨੇ ਰੂਸੀ ਤੇਲ ਦੀ ਖ਼ਰੀਦ ਵਿੱਚ ਤੇਜ਼ੀ ਲਿਆਂਦੀ ਹੈ।

ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਭਾਵੇਂ ਰੂਸ ਦੀ ਕੁੱਲ ਤੇਲ ਬਰਾਮਦ ਤੋਂ ਹੋਣ ਵਾਲੀ ਆਮਦਨ ਵਿੱਚ ਕੁਝ ਕਮੀ ਆਈ ਹੈ, ਪਰ ਭਾਰਤ ਅਤੇ ਚੀਨ ਵਰਗੇ ਵੱਡੇ ਖ਼ਰੀਦਦਾਰਾਂ ਦੀ ਮੰਗ ਕਾਰਨ ਰੂਸੀ ਊਰਜਾ ਨਿਰਯਾਤ ਨੂੰ ਅਜੇ ਵੀ ਮਹੱਤਵਪੂਰਨ ਸਹਾਰਾ ਮਿਲ ਰਿਹਾ ਹੈ।