ਨੇਪਾਲ ਤੋਂ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੇ ਭਾਰਤ ਦਾ ਕੀਤਾ ਰੁਖ, ਕਰਨਾਟਕ ਪਹਿਲੇ ਤੇ ਪੰਜਾਬ ਦੂਜੇ ਸਥਾਨ 'ਤੇ
_13Jul26090606AM.jpg)
ਨਵੀਂ ਦਿੱਲੀ,  &ndash ਭਾਰਤ ਦੇ ਉੱਚ ਸਿੱਖਿਆ ਖੇਤਰ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿੱਖਿਆ ਮੰਤਰਾਲੇ ਦੀ &lsquoਉੱਚ ਸਿੱਖਿਆ ਬਾਰੇ ਅਖਿਲ ਭਾਰਤੀ ਸਰਵੇਖਣ (AISHE) 2023-24&rsquo ਰਿਪੋਰਟ ਅਨੁਸਾਰ ਇਸ ਅਕਾਦਮਿਕ ਸਾਲ ਦੌਰਾਨ 173 ਦੇਸ਼ਾਂ ਦੇ 58,134 ਵਿਦੇਸ਼ੀ ਵਿਦਿਆਰਥੀਆਂ ਨੇ ਭਾਰਤ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲਾ ਲਿਆ।
ਰਿਪੋਰਟ ਮੁਤਾਬਕ ਨੇਪਾਲ ਭਾਰਤ ਵਿੱਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਭੇਜਣ ਵਾਲਾ ਦੇਸ਼ ਰਿਹਾ, ਜਿੱਥੋਂ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 24.1 ਫ਼ੀਸਦੀ ਵਿਦਿਆਰਥੀ ਆਏ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (7 ਫ਼ੀਸਦੀ), ਅਮਰੀਕਾ (5.9 ਫ਼ੀਸਦੀ), ਬੰਗਲਾਦੇਸ਼ (5.9 ਫ਼ੀਸਦੀ), ਨਾਈਜੀਰੀਆ (5.5 ਫ਼ੀਸਦੀ) ਅਤੇ ਜ਼ਿੰਬਾਬਵੇ (4 ਫ਼ੀਸਦੀ) ਦਾ ਸਥਾਨ ਰਿਹਾ।
ਸੂਬਾਵਾਰ ਅੰਕੜਿਆਂ ਅਨੁਸਾਰ ਕਰਨਾਟਕ 7,914 ਵਿਦੇਸ਼ੀ ਵਿਦਿਆਰਥੀਆਂ ਨਾਲ ਪਹਿਲੇ ਸਥਾਨ 'ਤੇ ਰਿਹਾ, ਜਦਕਿ ਪੰਜਾਬ 7,902 ਵਿਦਿਆਰਥੀਆਂ ਨਾਲ ਬਹੁਤ ਹੀ ਘੱਟ ਅੰਤਰ ਨਾਲ ਦੂਜੇ ਸਥਾਨ 'ਤੇ ਰਿਹਾ। ਇਹ ਅੰਕੜੇ ਪੰਜਾਬ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਦੇਸ਼ ਦੇ ਪ੍ਰਮੁੱਖ ਸਿੱਖਿਆ ਕੇਂਦਰਾਂ ਵਿੱਚ ਸ਼ਾਮਲ ਕਰਦੇ ਹਨ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 73.6 ਫ਼ੀਸਦੀ ਵਿਦੇਸ਼ੀ ਵਿਦਿਆਰਥੀਆਂ ਨੇ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲਿਆ, ਜਦਕਿ 16.8 ਫ਼ੀਸਦੀ ਨੇ ਪੋਸਟ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਨੂੰ ਤਰਜੀਹ ਦਿੱਤੀ।
ਰਿਪੋਰਟ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 18.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਸਟੱਡੀ ਇਨ ਇੰਡੀਆ' ਪਹਿਲ ਨੇ ਦੇਸ਼ ਨੂੰ ਅੰਤਰਰਾਸ਼ਟਰੀ ਸਿੱਖਿਆ ਦੇ ਮਹੱਤਵਪੂਰਨ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।