ਅਮਰੀਕਾ ਵਾਂਗ ਪਾਕਿਸਤਾਨ ਭਾਈ ਪੰਜਵੜ ਦੇ ਕਾਤਲਾਂ ਨੂੰ ਬੇਨਕਾਬ ਕਰੇ - ਡੱਲੇਵਾਲ "ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਮਰੀਕਾ ਸਰਕਾਰ ਦੀ ਪ੍ਰਸੰਸਾ ਤੇ ਧੰਨਵਾਦ

 ਲੰਡਨ- ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਅਣਪਛਾਤੇ ਵਿਆਕਤੀਆਂ ਵਲੋਂ ਸ਼ਹੀਦ ਕੀਤੇ ਗਏ ਖਾਲਿਸਤਾਨ ਕਮਾਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਨੂੰ ਤਿੰਨ ਸਾਲ ਬੀਤ ਚੁੱਕੇ ਹਨ । ਪਰ ਪਾਕਿਸਤਾਨ ਸਰਕਾਰ ਵਲੋਂ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਨ ਵਾਲੇ ਹਮਲਾਵਰਾਂ ਅਤੇ ਉਹਨਾਂ ਦੇ ਆਕਾਵਾਂ ਨੂੰ ਬੇਨਕਾਬ ਨਹੀਂ ਕੀਤਾ ਗਿਆ।  ਜਿਸ ਬਾਬਤ ਸਿੱਖ ਮਨਾਂ ਵਿੱਚ ਭਾਰੀ ਰੋਸ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ  ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਾਤਲਾਂ ਨੂੰ ਬੇਨਕਾਬ ਕਰਕੇ ਸਖਤ ਸਜਾ ਦਿੱਤੀ ਜਾਵੇ ਅਤੇ ਉਹਨਾਂ ਕਾਤਲਾਂ ਨੇ ਇਹ ਘਿਨਾਉਣਾ ਕੰਮ ਕਿਸ ਦੇ ਹੁਕਮ ਨਾਲ ਕੀਤਾ ਇਸ ਬਾਬਤ  ਦੁਨੀਆਂ ਨੂੰ ਦੱਸਿਆ ਜਾਵੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਭੇਜੇ ਪੱਤਰ ਵਿੱਚ  ਕਿਹਾ ਹੈ ਭਾਈ ਪਰਮਜੀਤ ਸਿੰਘ ਪੰਜਵੜ ਕੋਈ ਆਮ ਵਿਆਕਤੀ ਨਹੀਂ ਸੀ । ਉਹ ਸਿੱਖ ਕੌਮ ਦਾ ਜਰਨੈਲ ਸੀ ਅਤੇ ਉਸਦੀ 28 ਸਾਲ ਤੋਂ ਲਗਾਤਾਰ ਪਾਕਿਸਤਾਨ ਦੇ ਸ਼ਹਿਰ ਲਾਹੌਰ  ਵਿੱਚ  ਰਿਹਾਇਸ਼ ਰਹੀ ਹੈ । ਜਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਨੂੰ 6 ਮਈ 2023 ਵਾਲੇ ਦਿਨ ਲਾਹੌਰ ਦੇ ਇਕ ਪਾਰਕ ਵਿੱਚ ਸੈਰ ਕਰਦੇ ਵਕਤ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਸੀ ।ਸਮਝਿਆ ਜਾਂਦਾ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਭਾਰਤੀ ਏਜੰਸੀਆਂ ਨੇ  ਭਾੜੇ ਦੇ ਕਾਤਲਾਂ ਦੁਆਰਾ ਕਰਾਇਆ ਸੀ ।
ਇਸੇ ਦੌਰਾਨ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ  ਅਮਰੀਕਾ ਸਰਕਾਰ ਅਤੇ  ਐੱਫ.ਬੀ.ਆਈ ਦੀ ਪ੍ਰਸੰਸਾ ਕਰਦਿਆਂ ਧੰਨਵਾਦ ਕੀਤਾ ਗਿਆ  । ਜਿਸ ਨੇ  ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ  ਦੇ ਕਾਤਲਾਂ  ਅਤੇ ਕਾਤਲਾਂ ਦੇ ਆਕਾਵਾਂ ਨੂੰ ਬੇਨਕਾਬ ਕੀਤਾ ਹੈ । ਇਹਨਾਂ ਹੀ ਗੈਂਗਸਟਰਾਂ ਵਲੋਂ ਅਜਾਦੀ ਪਸੰਦ ਸਿੱਖ ਕਾਰਕੁਨਾਂ ਤੇ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਕਾਤਲਾਨਾ ਹਮਲੇ ਕਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਅਤੇ ਕੁੱਝ ਥਾਵਾਂ ਤੇ ਅਮਲ ਵਿੱਚ ਲਿਆਂਦੀਆਂ ਗਈਆਂ ਹਨ ।ਐੱਫ.ਬੀ.ਆਈ ਨੇ ਸਿੱਖ ਕਾਰਕੁਨਾਂ ਨੂੰ ਧਮਕਾਉਣ, ਬਿਜਨਸਮੈਨ ਸਿੱਖਾਂ ਤੋਂ ਫਿਰੌਤੀਆਂ ਮੰਗਣ 
 ਵਾਲੇ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਕਾਰਵਾਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਆਖਿਆ ਗਿਆ ਕਿ ਸਿੱਖ ਕੌਮ ਦਾ ਨਿਸ਼ਾਨਾ ਕੇਵਲ ਖਾਲਿਸਤਾਨ ਹੈ ਅਤੇ ਕੌਮ ਇਸਦੀ ਪਰਾਪਤੀ ਤੱਕ ਸੰਘਰਸ਼ ਜਾਰੀ ਰੱਖੇਗੀ । ਭਾਰਤ ਸਰਕਾਰ ਦਾ ਕੋਈ ਵੀ ਛੜਯੰਤਰ, ਜ਼ੁਲਮ ਇਸਨੂੰ ਰੋਕ ਨਹੀਂ ਸਕਦਾ ।