ਇਟਲੀ ਦੇ ਮੋਨਤੋਨੇ,ਪੇਰੂਜਾ ਵਿਖੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਅਤੇ ਵਿਕਟੋਰੀਆ ਕਰਾਸ ਹਾਸਲ ਕਰਨ ਵਾਲੇ ਭਾਰਤੀ ਫ਼ੌਜੀ ਜਸ਼ਵੰਤ ਗਡਗੇ ਦਾ ਮਨਾਇਆ ਗਿਆ ਸ਼ਹੀਦੀ ਸਮਾਗਮ * 91 ਸਾਲਾਂ ਇਟਾਲੀਅਨ ਔਰਤ ਵੱਲੋਂ ਦੂਜੀ ਸੰਸਾਰ ਜੰਗ ਵੇਲੇ ਦੀ ਨਿਸ਼ਾਨੀ ਵਜੋਂ ਸੰਭਾਲਿਆ ਸਿੱਖ ਕਕਾਰ "ਕੰਘਾ" ਸਮਾਗਮ ਵਿੱਚ ਲਿਆਂਦਾ ਗਿਆ *

 ਪੇਰੂਜਾ,ਇਟਲੀ 13 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਇਹ ਤਾਂ ਸਭ ਜਾਣਦੇ ਹਨ ਕਿ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਨੂੰ ਨਾਜੀ ਅਤੇ ਫਾਸ਼ੀ ਤਾਕਤਾਂ ਤੋਂ ਬਚਾਉਣ ਅਤੇ ਅਜ਼ਾਦ ਕਰਵਾਉਣ ਵਿੱਚ ਬ੍ਰਿਟਿਸ਼ ਫੌਜ ਦਾ ਹਿੱਸਾ ਬਣ ਕੇ ਆਏ ਭਾਰਤੀ ਸਿੱਖ ਫੌਜੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਅੱਜ ਗੱਲ ਕਰਦੇ ਹਾਂ ਮਰਹੱਟਾ ਰੈਜੀਮੈਂਟ ਦੇ ਫ਼ੌਜੀ ਵਿਕਟੋਰੀਆ ਕਰਾਸ ਜੇਤੂ ਸ਼ਹੀਦ ਜਸ਼ਵੰਤ ਗਡਗੇ ਦੀ ਜਿਸਦੀ ਯਾਦ ਵਿੱਚ ਮੋਨਤੋਨੇ ਕਮੂਨੇ ਵਿਖੇ ਯਾਦਗਾਰ ਵੀ ਸਥਾਪਤ ਹੈ। ਭਾਈ ਜਗਦੇਵ ਸਿੰਘ ਊੜਾ ਐੜਾ ਗਰੁੱਪ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮਿਤੀ 11 ਜੁਲਾਈ ਨੂੰ ਸ਼ਾਮ ਦੇ ਸਮੇਂ ਮੋਨਤੋਨੇ ਵਿਖੇ ਸਥਿਤ ਚਰਚ ਸਨ ਫਰਾਂਚੇਸਕੋ ਵਿਖ਼ੇ ਰੱਖੇ ਯਾਦਗਾਰੀ ਸਮਾਗਮ ਵਿੱਚ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ&zwnj ਜਿੱਥੇ ਕਿ ਇਟਾਲੀਅਨ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਸ ਵੇਲੇ ਦੇ ਹਵਾਲੇ ਦੇ ਕੇ ਸ਼ਹੀਦਾਂ ਦੀ ਬਹਾਦਰੀ ਦੀ ਗਾਥਾ ਵੀ ਪਹੁੰਚੇ ਮਹਿਮਾਨਾਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਇੱਕ 91ਵੇਂ ਸਾਲਾਂ ਇਟਾਲੀਅਨ ਮਹਿਲਾ ਨੇ ਵੀ ਸ਼ਿਰਕਤ ਕੀਤੀ ਅਤੇ ਉਸਨੇ ਸਿੱਖ ਕਕਾਰ "ਕੰਘਾ" ਵੀ ਸਾਰਿਆਂ ਨੂੰ ਦਿਖਾਇਆ ਅਤੇ ਭਾਈ ਸਾਹਿਬ ਦੇ ਦਾਹੜੇ ਵਿੱਚ ਕੰਘਾ ਫੇਰਿਆ। ਉਸਨੇ ਭਾਵੁਕ ਹੁੰਦਿਆਂ ਦੱਸਿਆ ਕਿ ਕਿਵੇਂ ਉਹ ਸਿੱਖ ਫੌਜੀਆਂ ਨੂੰ ਇਟਾਲੀਅਨ ਭੋਜਨ ਦਿੰਦੀ ਸੀ ਅਤੇ ਸਿੱਖ ਫੌਜੀ ਉਸਨੂੰ ਮੱਕੀ ਦੀ ਰੋਟੀ ਅਤੇ ਹੋਰ ਸਬਜ਼ੀਆਂ ਬਣਾ ਕੇ ਦਿੰਦੇ ਸਨ। ਉਸਨੇ ਭਾਰਤੀ ਫ਼ੌਜੀਆਂ ਦੀ ਸਰਾਹਨਾ ਕੀਤੀ ਅਤੇ ਉਹਨਾਂ ਵੱਲੋਂ ਦਿੱਤਾ "ਕੰਘਾ" ਅੱਜ ਵੀ ਉਸਨੇ ਨਿਸ਼ਾਨੀ ਵਜੋਂ ਸੰਭਾਲਿਆ ਹੋਇਆ ਹੈ। ਇਸ ਮੌਕੇ ਭਾਈ ਜਗਦੇਵ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਬਜ਼ੁਰਗ ਮਹਿਲਾ ਨੂੰ ਗੁਰਮੁਖੀ ਲਿਖੀਆਂ ਲੋਈਆ ਅਤੇ ਸ਼ਹਿਰ ਦੇ ਮੇਅਰ ਨੂੰ ਸਨਮਾਨ ਚਿੰਨ੍ਹ ਦੇ ਕੇ ਆਪਣੇ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਿੱਖ ਸੰਸਥਾਵਾਂ ਵੱਲੋਂ ਸੰਸਾਰ ਜੰਗ ਨਾਲ ਸਬੰਧਤ ਛਪਵਾਈਆਂ ਗਈਆਂ ਕਿਤਾਬਾਂ ਵੀ ਇਟਾਲੀਅਨ ਲੋਕਾਂ ਨੂੰ ਵੰਡੀਆਂ ਗਈਆਂ।