ਸੰਗਰੂਰ/ਸੁਨਾਮ ਸ਼ਹੀਦ ਊਧਮ ਸਿੰਘ ਵਾਲਾ, 13 ਜੁਲਾਈ, 2026: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਮੀਟਿੰਗ ਕਰਕੇ ਸ਼ਹੀਦ ਊਧਮ ਜੀ ਦੇ ਸ਼ਹੀਦੀ ਦਿਹਾੜੇ 31 ਜੁਲਾਈ ਨੂੰ ਮੰਨਾਉਣ ਲਈ ਪ੍ਰੋਗਰਾਮ ਉਲੀਕਿਆ ਇਸ ਸਮੇਂ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਮੰਚ ਸ਼ਹੀਦ ਊਧਮ ਸਿੰਘ ਦੇ ਵਿਚਾਰਾਂ ਨੂੰ ਘਰ ਘਰ ਤੱਕ ਲੈ ਕੇ ਜਾਣ ਲਈ 22 ਜੁਲਾਈ ਤੋਂ 8 ਅਗਸਤ ਤੱਕ ਪੰਦਰਵਾੜਾ ਮੰਨਾਏਗਾ।ਇਸ ਦੋਰਾਨ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਕੋਲ ਜਾਵੇਗਾ। ਸ਼ਹਿਰ ਦੀਆਂ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨਾਲ਼ ਸੰਪਰਕ ਕਰੇਗਾ ਅਤੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੇ ਆਲੇ-ਦੁਆਲੇ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਮਿਲ ਕੇ ਦੱਸੇਗਾ ਕਿ ਸ਼ਹੀਦ ਊਧਮ ਸਿੰਘ ਨੇ ਆਪਣੀ ਅਨਮੋਲ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕੀਤੀ ਹੈ। ਉਹਨਾਂ ਦਾ ਸੁਪਨਾ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਾਂ ਨੂੰ ਅੱਗੇ ਵਧਾ ਇੱਕ ਲੁੱਟ ਰਹਿਤ ਦੇਸ਼ ਉਸਾਰੀ ਕਰਨਾ ਸੀ ਅਤੇ 8 ਅਗਸਤ ਨੂੰ ਸੁਨਾਮ ਵਿਖੇ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਸ਼ਹੀਦ ਊਧਮ ਸਿੰਘ ਬਾਰੇ ਨਵੀਂ ਕਿਤਾਬ 'ਊਧਮ ਸਿੰਘ, ਭਾਰਤ ਦੀ ਆਜ਼ਾਦੀ ਲਈ ਫਾਂਸੀ ਚਾੜ੍ਹਿਆ 'ਤੇ ਗੋਸ਼ਟੀ ਕਰਵਾਈ ਜਾਵੇਗੀ।
ਸੂਬਾ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਸਹੀ ਸੋਚ ਬਾਰੇ ਇਕ ਲੀਫਲੇਟ ਕੱਢ ਕੇ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਵੰਡਿਆ ਜਾਵੇਗਾ।
 
ਮੰਚ ਦੇ ਸੂਬਾ ਮੀਤ ਪ੍ਰਧਾਨ ਜੂਝਾਰ ਲੌਂਗੋਵਾਲ ਤੇ ਵਿੱਤ ਸਕੱਤਰ ਲਾਭ ਛਾਜਲਾ ਨੇ ਦੱਸਿਆ ਕਿ ਸਰਕਾਰਾਂ ਸਿਰਫ਼ ਰਸਮੀ ਪ੍ਰੋਗਰਾਮ ਕਰਦੀਆਂ ਹਨ ਤੇ ਸ਼ਹੀਦ ਦੀ ਸਹੀ ਸੋਚ ਨੂੰ ਆਮ ਲੋਕਾਂ ਤੱਕ ਕਦੇ ਵੀ ਨਹੀਂ ਪਹੁੰਚਣ ਦਿੰਦੀਆਂ। ਸ਼ਹੀਦ ਊਧਮ ਸਿੰਘ ਮੈਮੋਰੀਅਲ ਸੁਨਾਮ ਵਿਖੇ ਬਣੇ ਪੰਜ ਸਾਲ ਹੋਣ ਚੱਲਿਆ ਪਰ ਅਜੇ ਤੱਕ ਸ਼ਹੀਦ ਨਾਲ਼ ਸਬੰਧੀ ਕੁਝ ਵੀ ਸਮਾਨ ਲਿਆ ਕਿ ਨਹੀਂ ਰੱਖਿਆ ਗਿਆ। ਸ਼ਹੀਦ ਦੀਆਂ ਅਸਥੀਆਂ ਅੱਜ ਵੀ ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰੇਰੀ ਵਿਚ ਰੁਲ ਰਹੀਆਂ ਹਨ।
ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੀ ਸ਼ਹੀਦ ਦਾ ਅਕਸ ਵਿਗਾੜਨ ਤੇ ਲੱਗਿਆ ਹੋਇਆ ਹੈ ਨਵੇਂ ਬਣੇ ਮੈਮੋਰੀਅਲ ਵਿਚ ਸ਼ਹੀਦ ਦੀ ਅਸਲੀ ਤਸਵੀਰ ਨਾਲ ਮਿਲਦੇ ਬੁੱਤ ਦੀ ਥਾਂ ਕਿਸੇ ਹੋਰ ਦਾ ਹੀ ਬੁੱਤ ਲਗਾ ਦਿੱਤਾ ਹੈ । ਮੰਚ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸ਼ਹੀਦ ਨੂੰ ਇੰਨਸਾਫ ਨਹੀ ਮਿਲ ਜਾਂਦਾ ਸਾਡਾ ਸੰਘਰਸ਼ ਜਾਰੀ ਰਹੇਗਾ।
ਇਸ ਮੋਕੇ ਪਵਨ ਛਾਜਲਾ, ਗੁਰਦੀਪ ਲਹਿਰਾ, ਸੁਰਿੰਦਰ ਉਪਲੀ, ਹਰਗੋਬਿੰਦ ਸ਼ੇਰਪੁਰ ਸਮੇਤ ਹੋਰ ਕਈ ਆਗੂ ਹਾਜ਼ਰ ਸਨ।