ਐਫਬੀਆਈ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਹੋਇਆ ਨਿਤੀਸ਼ ਕੌਸ਼ਲ, ਭਗਵਾਨਪੁਰੀਆ ਗੈਂਗ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ

 ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫਬੀਆਈ (FBI) ਨੇ ਪੰਜਾਬ ਨਾਲ ਜੁੜੇ ਕਥਿਤ ਗੈਂਗਸਟਰ ਨਿਤੀਸ਼ ਕੌਸ਼ਲ ਉਰਫ਼ 'ਲਾਲਾ' ਨੂੰ ਆਪਣੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਐਫਬੀਆਈ ਦਾ ਦੋਸ਼ ਹੈ ਕਿ ਕੌਸ਼ਲ ਜੱਗੂ ਭਗਵਾਨਪੁਰੀਆ ਸੰਗਠਿਤ ਅਪਰਾਧਿਕ ਗਿਰੋਹ ਦਾ ਸਰਗਰਮ ਮੈਂਬਰ ਹੈ ਅਤੇ ਕਤਲ, ਅਗਵਾ, ਨਸ਼ਾ ਤਸਕਰੀ, ਜਬਰਨ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਅੰਤਰਰਾਸ਼ਟਰੀ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ।
ਐਫਬੀਆਈ ਮੁਤਾਬਕ ਨਿਤੀਸ਼ ਕੌਸ਼ਲ ਨੇ ਭਗਵਾਨਪੁਰੀਆ ਗੈਂਗ ਦੀ ਓਰੋਂ ਕਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਵਿੱਚ ਅਗਵਾ ਅਤੇ ਹਮਲੇ ਵੀ ਸ਼ਾਮਲ ਹਨ। ਏਜੰਸੀ ਨੇ ਉਸ ਨੂੰ ਹਥਿਆਰਬੰਦ ਅਤੇ ਬਹੁਤ ਖ਼ਤਰਨਾਕ ਕਰਾਰ ਦਿੰਦਿਆਂ ਲੋਕਾਂ ਨੂੰ ਉਸ ਬਾਰੇ ਕੋਈ ਵੀ ਜਾਣਕਾਰੀ ਮਿਲਣ 'ਤੇ ਤੁਰੰਤ ਐਫਬੀਆਈ ਜਾਂ ਨਜ਼ਦੀਕੀ ਅਮਰੀਕੀ ਦੂਤਾਵਾਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਅਮਰੀਕਾ ਦੇ ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫ਼ੋਰਨੀਆ ਦੀ ਸੰਘੀ ਅਦਾਲਤ ਨੇ 25 ਜੂਨ ਨੂੰ ਨਿਤੀਸ਼ ਕੌਸ਼ਲ ਖ਼ਿਲਾਫ਼ RICO (Racketeer Influenced and Corrupt Organizations) Act ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਹ ਕਾਰਵਾਈ "ਓਪਰੇਸ਼ਨ ਹਾਰਡ ਬਾਲ" ਦੇ ਤਹਿਤ ਕੀਤੀ ਜਾ ਰਹੀ ਹੈ, ਜਿਸ ਦਾ ਉਦੇਸ਼ ਭਾਰਤ ਨਾਲ ਜੁੜੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਨੂੰ ਤੋੜਨਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਭਗਵਾਨਪੁਰੀਆ ਗੈਂਗ ਨੇ ਪੰਜਾਬ ਤੋਂ ਸ਼ੁਰੂ ਹੋ ਕੇ ਅਮਰੀਕਾ, ਕੈਨੇਡਾ ਅਤੇ ਯੂਰਪ ਤੱਕ ਆਪਣਾ ਜਾਲ ਫੈਲਾਇਆ ਹੈ। ਨਿਤੀਸ਼ ਕੌਸ਼ਲ ਨੂੰ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰਨਾ ਇਸ ਗੈਂਗ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੀ ਕਾਰਵਾਈ ਦਾ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।