ਕਾਂਗੋ ਵਿੱਚ ਇਬੋਲਾ ਦਾ ਪ੍ਰਕੋਪ ਗੰਭੀਰ, 2,000 ਤੋਂ ਵੱਧ ਮਾਮਲੇ ਅਤੇ 754 ਮੌਤਾਂ ਦਰਜ

ਬੁਨੀਆ (ਕਾਂਗੋ) : ਅਫ਼ਰੀਕੀ ਦੇਸ਼ ਕਾਂਗੋ ਵਿੱਚ ਇਬੋਲਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 2,011 ਇਬੋਲਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 754 ਲੋਕਾਂ ਦੀ ਮੌਤ ਹੋ ਗਈ ਹੈ। ਕਾਂਗੋ ਦੇ ਸਿਹਤ ਮੰਤਰਾਲੇ ਮੁਤਾਬਕ ਇਸ ਸਮੇਂ 753 ਮਰੀਜ਼ ਹਸਪਤਾਲਾਂ ਜਾਂ ਆਈਸੋਲੇਸ਼ਨ ਕੇਂਦਰਾਂ ਵਿੱਚ ਇਲਾਜ ਅਧੀਨ ਹਨ, ਜਦਕਿ 366 ਲੋਕ ਸਿਹਤਯਾਬ ਹੋ ਚੁੱਕੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕਰਨਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

ਇਹ ਪ੍ਰਕੋਪ 15 ਮਈ ਤੋਂ ਸ਼ੁਰੂ ਹੋਇਆ ਸੀ ਅਤੇ ਇਹ ਇਬੋਲਾ ਦੇ ਦੁਰਲੱਭ ਬੁੰਡੀਬੁਗਿਓ ਵਾਇਰਸ ਨਾਲ ਸੰਬੰਧਿਤ ਹੈ। ਸਿਹਤ ਅਧਿਕਾਰੀਆਂ ਅਨੁਸਾਰ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਦਾ ਫੈਲਾਅ ਤੇਜ਼ੀ ਨਾਲ ਵਧਿਆ ਹੈ।

ਵਿਸ਼ਵ ਸਿਹਤ ਸੰਗਠਨ (WHO) ਨੇ ਚਿੰਤਾ ਜ਼ਾਹਰ ਕਰਦਿਆਂ ਦੱਸਿਆ ਕਿ ਨਵੇਂ ਸਾਹਮਣੇ ਆ ਰਹੇ ਲਗਭਗ 80 ਫੀਸਦੀ ਮਾਮਲਿਆਂ ਦਾ ਸੰਕਰਮਣ ਸਰੋਤ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਨਾਲ ਬਿਮਾਰੀ ਦੀ ਨਿਗਰਾਨੀ ਅਤੇ ਕੰਟਰੋਲ ਹੋਰ ਵੀ ਮੁਸ਼ਕਲ ਹੋ ਗਿਆ ਹੈ।

WHO ਦੇ ਐਮਰਜੈਂਸੀ ਸਿਹਤ ਮੁਖੀ ਡਾ. ਚਿਕਵੇ ਇਹੇਕਵੇਜ਼ੂ ਨੇ ਕਿਹਾ ਕਿ ਹਾਲੀਆ ਮੌਤਾਂ ਵਿੱਚ ਕਈ ਅਜਿਹੇ ਮਰੀਜ਼ ਸ਼ਾਮਲ ਸਨ, ਜੋ ਇਲਾਜ ਲਈ ਕਿਸੇ ਸਿਹਤ ਕੇਂਦਰ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਇਸ ਦੌਰਾਨ ਇਟੂਰੀ ਸੂਬੇ ਦੇ ਕਈ ਇਲਾਕਿਆਂ ਵਿੱਚ ਸਿਹਤ ਕਰਮਚਾਰੀਆਂ ਦੀ ਹੜਤਾਲ ਨੇ ਵੀ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਸਿਹਤ ਕਰਮਚਾਰੀਆਂ ਦਾ ਦੋਸ਼ ਹੈ ਕਿ ਮਹਾਂਮਾਰੀ ਦੌਰਾਨ ਸੇਵਾਵਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਮਿਲੀ, ਜਿਸ ਕਾਰਨ ਇਲਾਜ ਅਤੇ ਰੋਕਥਾਮ ਦੇ ਯਤਨਾਂ 'ਤੇ ਅਸਰ ਪੈ ਰਿਹਾ ਹੈ।