ਲੰਡਨ 'ਚ ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਨੌਜਵਾਨੀ ਕਿਰਨਦੀਪ ਕੌਰ ਦੀ ਚਾਕੂ ਮਾਰ ਕੇ ਹੱਤਿਆ, ਮੁਲਜ਼ਮ ਗ੍ਰਿਫ਼ਤਾਰ

ਲੰਡਨ : ਪੱਛਮੀ ਲੰਡਨ ਦੇ ਹੇਜ਼ ਇਲਾਕੇ ਵਿੱਚ ਇੱਕ ਰਿਹਾਇਸ਼ੀ ਘਰ ਅੰਦਰ ਹੋਏ ਚਾਕੂ ਹਮਲੇ ਵਿੱਚ ਭਾਰਤੀ ਮੂਲ ਦੀ 24 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨੀ ਕਿਰਨਦੀਪ ਕੌਰ ਦੀ ਮੌਤ ਹੋ ਗਈ, ਜਦਕਿ ਇੱਕ 20 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ ਹੈ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਮੈਟਰੋਪੋਲੀਟਨ ਪੁਲਿਸ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚੀ, ਜਿੱਥੇ ਕਿਰਨਦੀਪ ਕੌਰ ਚਾਕੂ ਦੇ ਗੰਭੀਰ ਜ਼ਖ਼ਮਾਂ ਨਾਲ ਮਿਲੀ। ਡਾਕਟਰੀ ਟੀਮ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ ਅਤੇ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ 44 ਸਾਲਾ ਡੈਨੀਅਲ ਸੀਨ ਜੇਮਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਤੇਜ਼ਧਾਰ ਹਥਿਆਰ ਰੱਖਣ ਦੇ ਦੋਸ਼ ਦਰਜ ਕੀਤੇ ਗਏ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਜਾਂਚ ਏਜੰਸੀਆਂ ਵੱਲੋਂ ਘਟਨਾ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਹਾਲੇ ਤੱਕ ਹਮਲੇ ਦੇ ਮਕਸਦ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਪਰਿਵਾਰ ਅਤੇ ਸਥਾਨਕ ਭਾਈਚਾਰੇ ਨੇ ਇਸ ਦੁਖਦਾਈ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।