ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਨੂੰ ਕਰੀਬ 5 ਸਾਲ ਦੀ ਕੈਦ, ਹਾਦਸੇ 'ਚ 3 ਲੋਕਾਂ ਦੀ ਮੌਤ

ਕੈਲੀਫੋਰਨੀਆ,  : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿੱਚ 21 ਸਾਲਾ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਅਦਾਲਤ ਨੇ 4 ਸਾਲ 8 ਮਹੀਨੇ (ਕਰੀਬ 5 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹਾਦਸਾ ਅਕਤੂਬਰ 2025 ਵਿੱਚ I-10 ਫ੍ਰੀਵੇਅ, ਓਨਟਾਰੀਓ ਵਿਖੇ ਵਾਪਰਿਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਜਾਂਚ ਅਨੁਸਾਰ ਜਸ਼ਨਪ੍ਰੀਤ ਦਾ ਸੈਮੀ-ਟਰੱਕ ਹੌਲੀ ਚੱਲ ਰਹੀ ਟ੍ਰੈਫਿਕ ਨਾਲ ਟਕਰਾ ਗਿਆ, ਜਿਸ ਕਾਰਨ ਅੱਠ ਵਾਹਨ ਆਪਸ ਵਿੱਚ ਭਿੜ ਗਏ। ਹਾਦਸੇ ਦੀ ਡੈਸ਼ ਕੈਮਰਾ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਟਰੱਕ ਨੂੰ ਰੁਕੇ ਹੋਏ ਵਾਹਨਾਂ ਨਾਲ ਟਕਰਾਉਂਦੇ ਦੇਖਿਆ ਗਿਆ।
ਅਦਾਲਤੀ ਕਾਰਵਾਈ ਦੌਰਾਨ ਜਸ਼ਨਪ੍ਰੀਤ ਸਿੰਘ ਨੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਤਿੰਨ ਗੰਭੀਰ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਉਸ 'ਤੇ ਹਾਦਸੇ ਸਮੇਂ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾਉਣ ਦੇ ਵੀ ਦੋਸ਼ ਲੱਗੇ ਸਨ।
ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਜਸ਼ਨਪ੍ਰੀਤ ਸਿੰਘ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿ ਰਿਹਾ ਸੀ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾਵੇਗਾ।
ਇਸ ਮਾਮਲੇ ਤੋਂ ਬਾਅਦ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਜਾਰੀ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਵੀ ਨਵੀਂ ਬਹਿਸ ਛਿੜ ਗਈ ਹੈ।