ਕੀ ਬਚੇਗਾ ਹਿੰਦੂ ਮੰਦਰ ਜਾਂ ਬਣੇਗੀ ਮਸਜਿਦ? ਬ੍ਰਿਟੇਨ ਦੇ ਪ੍ਰਾਚੀਨ ਹਿੰਦੂ ਮੰਦਰ ਦੀ ਕਿਸਮਤ ਦਾ ਫ਼ੈਸਲਾ ਅੱਜ ਅਦਾਲਤ ਵਿੱਚ

 ਬ੍ਰਿਟੇਨ ਦੇ ਪੀਟਰਬਰੋ ਸ਼ਹਿਰ ਵਿੱਚ ਸਥਿਤ ਕਰੀਬ 40 ਸਾਲ ਪੁਰਾਣੇ ਭਾਰਤ ਹਿੰਦੂ ਸਮਾਜ (Bharat Hindu Samaj - BHS) ਮੰਦਰ ਦੀ ਕਿਸਮਤ ਦਾ ਫ਼ੈਸਲਾ ਅੱਜ ਲੰਡਨ ਹਾਈ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ 'ਤੇ ਨਿਰਭਰ ਕਰੇਗਾ। ਇਹ ਕਾਨੂੰਨੀ ਲੜਾਈ ਉਸ ਵੇਲੇ ਸ਼ੁਰੂ ਹੋਈ ਜਦੋਂ ਪੀਟਰਬਰੋ ਸਿਟੀ ਕੌਂਸਲ ਨੇ ਮੰਦਰ ਵਾਲੇ ਕੰਪਲੈਕਸ ਨੂੰ ਯੂਨਾਈਟਡ ਕਿੰਗਡਮ ਇਸਲਾਮਿਕ ਮਿਸ਼ਨ (UKIM) ਨੂੰ ਵੇਚਣ ਦਾ ਫ਼ੈਸਲਾ ਕੀਤਾ, ਜਿੱਥੇ ਮਸਜਿਦ ਅਤੇ ਇਸਲਾਮਿਕ ਕਮਿਊਨਿਟੀ ਸੈਂਟਰ ਬਣਾਉਣ ਦੀ ਯੋਜਨਾ ਹੈ।

ਮੰਦਰ ਪ੍ਰਬੰਧਕਾਂ ਨੇ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੰਦਿਆਂ ਦਲੀਲ ਦਿੱਤੀ ਹੈ ਕਿ ਕੌਂਸਲ ਨੇ ਜਾਇਦਾਦ ਦੀ ਵਿਕਰੀ ਦੌਰਾਨ ਸਹੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਅਤੇ ਮੰਦਰ ਨੂੰ ਖਰੀਦਣ ਦਾ ਮੌਕਾ ਵੀ ਨਹੀਂ ਦਿੱਤਾ। ਟਰੱਸਟ ਦਾ ਕਹਿਣਾ ਹੈ ਕਿ ਇਹ ਸਿਰਫ਼ ਧਾਰਮਿਕ ਸਥਾਨ ਨਹੀਂ, ਸਗੋਂ ਹਜ਼ਾਰਾਂ ਹਿੰਦੂ ਪਰਿਵਾਰਾਂ ਲਈ ਸਮਾਜਿਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ।

ਮੰਦਰ ਟਰੱਸਟ ਦੇ ਅਨੁਸਾਰ ਇਸ ਧਾਰਮਿਕ ਸਥਾਨ ਨਾਲ ਕਰੀਬ 18,000 ਸ਼ਰਧਾਲੂ ਜੁੜੇ ਹੋਏ ਹਨ ਅਤੇ 50 ਤੋਂ 60 ਕਿਲੋਮੀਟਰ ਦੇ ਘੇਰੇ ਵਿੱਚ ਇਹ ਇਕੱਲਾ ਹਿੰਦੂ ਮੰਦਰ ਹੈ। ਦੂਜੇ ਪਾਸੇ, ਪੀਟਰਬਰੋ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਵਿਕਰੀ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਅਧੀਨ ਕੀਤੀ ਗਈ ਸੀ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਗੈਰ-ਕਾਨੂੰਨੀ ਕਾਰਵਾਈ ਨਹੀਂ ਹੋਈ।

ਲੰਡਨ ਹਾਈ ਕੋਰਟ ਵਿੱਚ ਅੱਜ ਅੰਤਿਮ ਦਲੀਲਾਂ ਸੁਣੀਆਂ ਜਾਣਗੀਆਂ, ਜਿਸ ਤੋਂ ਬਾਅਦ ਆਉਣ ਵਾਲਾ ਫ਼ੈਸਲਾ ਇਹ ਤੈਅ ਕਰੇਗਾ ਕਿ ਮੰਦਰ ਆਪਣੀ ਮੌਜੂਦਾ ਥਾਂ 'ਤੇ ਕਾਇਮ ਰਹੇਗਾ ਜਾਂ ਇਹ ਸਥਾਨ ਮਸਜਿਦ ਦੇ ਨਿਰਮਾਣ ਲਈ ਵਰਤਿਆ ਜਾਵੇਗਾ। ਇਸ ਮਾਮਲੇ 'ਤੇ ਬ੍ਰਿਟੇਨ ਭਰ ਦੇ ਹਿੰਦੂ ਭਾਈਚਾਰੇ ਦੀ ਨਜ਼ਰ ਟਿਕੀ ਹੋਈ ਹੈ।