ਹੈਨਰੀ ਨੋਵਾਕ ਦੇ ਕਾਤਲ ਦੀ ਪਹਿਲੀ ਰਿਕਾਰਡ ਕੀਤੀ ਕਬੂਲੀਅਤ ਆਈ ਸਾਹਮਣੇ

 ਬ੍ਰਿਟੇਨ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਦੋਸ਼ੀ ਵਿਕਰਮ ਡਿਗਵਾ ਦੀ ਪਹਿਲੀ ਰਿਕਾਰਡ ਕੀਤੀ ਕਬੂਲੀਅਤ ਸਾਹਮਣੇ ਆਈ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਪੁਲਿਸ ਵੈਨ ਵਿੱਚ ਲੱਗੇ ਗੁਪਤ ਰਿਕਾਰਡਿੰਗ ਸਿਸਟਮ ਨੇ ਡਿਗਵਾ ਅਤੇ ਉਸ ਦੇ ਭਰਾ ਦਰਮਿਆਨ ਹੋਈ ਗੱਲਬਾਤ ਨੂੰ ਕੈਦ ਕਰ ਲਿਆ ਸੀ।

ਰਿਕਾਰਡਿੰਗ ਵਿੱਚ ਡਿਗਵਾ ਨੇ ਆਪਣੇ ਭਰਾ ਦੇ ਸਵਾਲ ਦੇ ਜਵਾਬ ਵਿੱਚ ਕਤਲ ਕਰਨ ਦੀ ਗੱਲ ਮੰਨਦਿਆਂ ਦੱਸਿਆ ਕਿ ਉਸ ਨੇ ਨੋਵਾਕ ਦੇ ਸਰੀਰ ਦੇ ਕਿਹੜੇ ਹਿੱਸਿਆਂ 'ਤੇ ਛੁਰੇ ਨਾਲ ਵਾਰ ਕੀਤੇ। ਜਦੋਂ ਉਸ ਦੇ ਭਰਾ ਨੇ ਪੁੱਛਿਆ ਕਿ ਉਸ ਨੇ ਕਿਰਪਾਨ ਕਿਉਂ ਵਰਤੀ, ਤਾਂ ਡਿਗਵਾ ਨੇ ਜਵਾਬ ਦਿੱਤਾ, "ਮੈਂ ਮੂਰਖ ਹਾਂ, ਮੈਂ ਬੇਵਕੂਫ਼ ਹਾਂ।" ਇਸ ਤੋਂ ਬਾਅਦ ਉਸ ਨੇ ਘਟਨਾ ਸਥਾਨ 'ਤੇ ਸੀਸੀਟੀਵੀ ਕੈਮਰਿਆਂ ਬਾਰੇ ਵੀ ਪੁੱਛਿਆ।

ਨਵੇਂ ਸਾਹਮਣੇ ਆਏ ਦਸਤਾਵੇਜ਼ਾਂ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮਰਨ ਤੋਂ ਪਹਿਲਾਂ ਹੈਨਰੀ ਨੋਵਾਕ ਲਗਾਤਾਰ ਕਹਿ ਰਿਹਾ ਸੀ, "ਮੈਂ ਨਸਲਵਾਦੀ ਨਹੀਂ ਹਾਂ," ਜਦਕਿ ਡਿਗਵਾ ਨੇ ਪੁਲਿਸ ਨੂੰ ਝੂਠਾ ਦੋਸ਼ ਲਗਾਇਆ ਸੀ ਕਿ ਨੋਵਾਕ ਨੇ ਉਸ 'ਤੇ ਨਸਲੀ ਟਿੱਪਣੀਆਂ ਕੀਤੀਆਂ ਸਨ।

ਵਿਕਰਮ ਡਿਗਵਾ ਨੂੰ ਹੈਨਰੀ ਨੋਵਾਕ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਸ ਨੂੰ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਰਹਿਣਾ ਹੋਵੇਗਾ। ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਵੀ ਜਾਂਚ ਦੇ ਘੇਰੇ ਵਿੱਚ ਹੈ, ਕਿਉਂਕਿ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਜ਼ਖ਼ਮੀ ਨੋਵਾਕ ਨੂੰ ਹੀ ਹਥਕੜੀਆਂ ਲਗਾ ਦਿੱਤੀਆਂ ਸਨ, ਜਿਸ ਕਾਰਨ ਦੇਸ਼ ਭਰ ਵਿੱਚ ਭਾਰੀ ਵਿਵਾਦ ਖੜ੍ਹਾ ਹੋਇਆ।