ਸੁਖਬੀਰ ਬਾਦਲ ਨੂੰ ਸੰਮਨ ਭੇਜਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਲ – "ਕੀ ਬੇਅਦਬੀ ਮਾਮਲਿਆਂ ਵਿੱਚ ਕਦੇ ਇਨਸਾਫ ਵੀ ਮਿਲੇਗਾ?"

ਚੰਡੀਗੜ੍ਹ: ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਰਵਾਈ 'ਤੇ ਸਵਾਲ ਉਠਾਏ ਹਨ।
ਜਾਰੀ ਲਿਖਤੀ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਨਾਲ ਜੁੜੇ ਮਾਮਲਿਆਂ ਵਿੱਚ ਸਾਲਾਂ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਉਨ੍ਹਾਂ ਸਵਾਲ ਕੀਤਾ ਕਿ ਕੀ ਹਰ ਵਾਰ ਨਵੀਂ ਜਾਂਚ ਟੀਮ ਬਣਾਕੇ ਕੇਵਲ ਸੰਮਨ ਜਾਰੀ ਕਰਨ ਅਤੇ ਪੇਸ਼ੀਆਂ ਕਰਵਾਉਣ ਤੱਕ ਹੀ ਕਾਰਵਾਈ ਸੀਮਿਤ ਰਹੇਗੀ ਜਾਂ ਪੀੜਤਾਂ ਨੂੰ ਇਨਸਾਫ ਵੀ ਮਿਲੇਗਾ।
ਉਨ੍ਹਾਂ 2015 ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਧਮਕੀਭਰੇ ਪੋਸਟਰ ਲਗਾਏ ਗਏ ਸਨ, ਪਰ ਜਿਨ੍ਹਾਂ ਲੋਕਾਂ 'ਤੇ ਸ਼ੱਕ ਜਤਾਇਆ ਗਿਆ, ਉਨ੍ਹਾਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋਈ। ਇਸ ਦੀ ਬਜਾਏ ਕੁਝ ਸਿੱਖ ਨੌਜਵਾਨਾਂ ਅਤੇ ਗ੍ਰੰਥੀ ਪਰਿਵਾਰਾਂ ਨੂੰ ਜਾਂਚ ਦਾ ਸਾਹਮਣਾ ਕਰਨਾ ਪਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਅਦ ਦੀਆਂ ਸਰਕਾਰਾਂ ਨੇ ਵੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿੱਚ ਇਨਸਾਫ ਦੇਣ ਦੇ ਵਾਅਦੇ ਕੀਤੇ, ਪਰ ਅਜੇ ਤੱਕ ਅੰਤਿਮ ਨਤੀਜਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇ ਪਹਿਲਾਂ ਬਣੀਆਂ ਜਾਂਚ ਟੀਮਾਂ ਆਪਣੀਆਂ ਰਿਪੋਰਟਾਂ ਦੇ ਚੁੱਕੀਆਂ ਹਨ ਤਾਂ ਉਨ੍ਹਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਵਾਰ-ਵਾਰ ਨਵੀਆਂ ਜਾਂਚਾਂ ਰਾਹੀਂ ਪ੍ਰਕਿਰਿਆ ਨੂੰ ਲੰਮਾ ਕੀਤਾ ਜਾਵੇ।
ਉਨ੍ਹਾਂ ਦਾ ਕਹਿਣਾ ਸੀ ਕਿ ਬੇਅਦਬੀ ਦੇ ਮਾਮਲੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਏ ਹਨ ਅਤੇ ਸਰਕਾਰ ਨੂੰ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਜਲਦ ਅਤੇ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ। ਇਹ ਬਿਆਨ ਪਾਰਟੀ ਦੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।