ਕੈਨੇਡਾ ਵਿੱਚ ਮਾਪਿਆਂ ਨੂੰ ਪੱਕੇ ਤੌਰ 'ਤੇ ਬੁਲਾਉਣ ਦਾ ਮੌਕਾ, ਪਰਿਵਾਰਕ ਸਪਾਂਸਰਸ਼ਿਪ ਲਈ ਨਵੇਂ ਸੱਦੇ 28 ਜੁਲਾਈ ਤੋਂ

ਵਿੰਨੀਪੈੱਗ: ਕੈਨੇਡਾ ਸਰਕਾਰ ਨੇ ਪਰਿਵਾਰਕ ਮੁੜ-ਮਿਲਾਪ ਯੋਜਨਾ ਤਹਿਤ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸਥਾਈ ਤੌਰ 'ਤੇ ਕੈਨੇਡਾ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਅਧੀਨ 28 ਜੁਲਾਈ ਤੋਂ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦੇ ਭੇਜੇ ਜਾਣਗੇ।

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਅਨੁਸਾਰ, ਲਗਭਗ ਦੋ ਹਫ਼ਤਿਆਂ ਦੇ ਸਮੇਂ ਦੌਰਾਨ 17,860 ਯੋਗ ਬਿਨੈਕਾਰਾਂ ਨੂੰ ਈ-ਮੇਲ ਰਾਹੀਂ ਅਰਜ਼ੀ ਦੇਣ ਲਈ ਸੱਦਾ ਭੇਜਿਆ ਜਾਵੇਗਾ। ਇਹ ਸੱਦੇ ਉਨ੍ਹਾਂ ਲੋਕਾਂ ਨੂੰ ਮਿਲਣਗੇ ਜਿਨ੍ਹਾਂ ਨੇ 2020 ਵਿੱਚ ਸਪਾਂਸਰ ਬਣਨ ਦੀ ਇੱਛਾ ਦਰਜ ਕਰਵਾਈ ਸੀ। ਸਰਕਾਰ ਦਾ ਟੀਚਾ ਇਸ ਸਾਲ 10,000 ਪੂਰੀਆਂ ਅਰਜ਼ੀਆਂ ਪ੍ਰਾਪਤ ਕਰਨਾ ਹੈ।

ਇਮੀਗ੍ਰੇਸ਼ਨ ਵਿਭਾਗ ਨੇ ਬਿਨੈਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਈ-ਮੇਲ ਦੇ ਨਾਲ-ਨਾਲ ਸਪੈਮ ਅਤੇ ਜੰਕ ਫੋਲਡਰ ਵੀ ਨਿਯਮਿਤ ਤੌਰ 'ਤੇ ਜਾਂਚਦੇ ਰਹਿਣ, ਤਾਂ ਜੋ ਕੋਈ ਮਹੱਤਵਪੂਰਨ ਸੂਚਨਾ ਨਾ ਰਹਿ ਜਾਵੇ।

ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਸਪਾਂਸਰ ਬਣਨ ਲਈ ਕੋਈ ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾਵੇਗੀ। ਇਸ ਲਈ ਸਿਰਫ਼ ਉਹੀ ਲੋਕ ਇਸ ਯੋਜਨਾ ਦਾ ਲਾਭ ਲੈ ਸਕਣਗੇ, ਜਿਨ੍ਹਾਂ ਨੇ 2020 ਵਿੱਚ ਆਪਣੀ ਰੁਚੀ ਦਰਜ ਕਰਵਾਈ ਸੀ।

ਜਿਨ੍ਹਾਂ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਨੇ 2020 ਵਿੱਚ ਅਰਜ਼ੀ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ, ਉਹ ਇਸ ਸਾਲ ਇਸ ਯੋਜਨਾ ਤਹਿਤ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰ ਨਹੀਂ ਕਰ ਸਕਣਗੇ। ਇਮੀਗ੍ਰੇਸ਼ਨ ਵਿਭਾਗ ਲਗਾਤਾਰ ਛੇਵੇਂ ਸਾਲ ਵੀ ਉਸੇ ਪੁਰਾਣੇ ਯੋਗ ਉਮੀਦਵਾਰਾਂ ਦੇ ਸਮੂਹ ਵਿੱਚੋਂ ਹੀ ਚੋਣ ਕਰੇਗਾ।