Canada 'ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਬਜ਼ੁਰਗ ਜੋੜੇ ਦੀ ਮੌਤ

ਕੈਨੇਡਾ ਦੇ ਐਡਮੰਟਨ ਸ਼ਹਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਅਤੇ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਨਾਲ ਸਬੰਧਤ ਇੱਕ ਬਜ਼ੁਰਗ ਜੋੜੇ ਦੀ ਜਾਨ ਲੈ ਲਈ ਹੈ। ਇਸ ਭਿਆਨਕ ਹਾਦਸੇ ਕਾਰਨ ਜਿੱਥੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਹੈ, ਉੱਥੇ ਹੀ ਪਿੰਡ ਆਲੀਵਾਲ ਸਮੇਤ ਪੂਰੇ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਦਰਦਨਾਕ ਘਟਨਾ ਐਡਮੰਟਨ ਸ਼ਹਿਰ ਦੇ 132 ਐਵੇਨਿਊ ਅਤੇ 82 ਸਟ੍ਰੀਟ ਦੇ ਨਜ਼ਦੀਕ ਵਾਪਰੀ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬਜ਼ੁਰਗਾਂ ਦੀ ਪਛਾਣ 82 ਸਾਲਾ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ 80 ਸਾਲਾ ਪਤਨੀ ਸੁਰਿੰਦਰ ਕੌਰ ਵਜੋਂ ਹੋਈ ਹੈ।
ਮ੍ਰਿਤਕ ਜੋੜੇ ਦੇ ਭਤੀਜੇ ਜਗਪੱਲ ਸਿੰਘ ਭੋਲਾ ਅਤੇ ਪਿੰਡ ਦੇ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੇਜਰ ਸਿੰਘ ਭੰਡਾਲ ਦੀ ਦੇਹ ਦੀ ਪਛਾਣ ਐਡਮੰਟਨ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕਰ ਲਹੀ ਗਈ ਹੈ, ਜਦਕਿ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਅੱਗ ਦੀਆਂ ਲਪਟਾਂ ਵਿੱਚ ਘਿਰੀ ਇਮਾਰਤ ਦੇ ਅੰਦਰ ਹੀ ਫਸ ਗਏ ਸਨ।
ਪਰਿਵਾਰ ਅਨੁਸਾਰ ਮੇਜਰ ਸਿੰਘ ਭੰਡਾਲ ਅਤੇ ਸੁਰਿੰਦਰ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ਵਿੱਚ ਆਪਣੀ ਧੀ ਸੰਦੀਪ ਕੌਰ ਕੋਲ ਰਹਿ ਰਹੇ ਸਨ। ਕਿਸੇ ਨੇ ਚਿੱਤ-ਚੇਤੇ ਵੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਇੱਕ ਭਿਆਨਕ ਅਗਨੀਕਾਂਡ ਉਨ੍ਹਾਂ ਦੀ ਜ਼ਿੰਦਗੀ ਦਾ ਦੁਖਦ ਅੰਤ ਕਰ ਦੇਵੇਗਾ।
ਪਿੰਡ ਵਿੱਚ ਸੋਗ ਦੀ ਲਹਿਰ: ਜਿਵੇਂ ਹੀ ਇਸ ਘਟਨਾ ਦੀ ਖ਼ਬਰ ਪਿੰਡ ਆਲੀਵਾਲ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਥਾਨਕ ਲੋਕਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।