ਅਮਰੀਕੀ ਹਵਾਈ ਹਮਲਿਆਂ ਨਾਲ ਇਰਾਨ ਵਿੱਚ ਭਾਰੀ ਨੁਕਸਾਨ ਦਾ ਦਾਅਵਾ, 30 ਤੋਂ ਵੱਧ ਮੌਤਾਂ ਤੇ 260 ਤੋਂ ਜ਼ਿਆਦਾ ਜ਼ਖ਼ਮੀ

ਤਹਿਰਾਨ: ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਇਰਾਨ ਨੇ ਦਾਅਵਾ ਕੀਤਾ ਹੈ ਕਿ ਹਾਲੀਆ ਅਮਰੀਕੀ ਹਵਾਈ ਹਮਲਿਆਂ ਕਾਰਨ ਦੇਸ਼ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਰਾਨੀ ਸਰਕਾਰ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਦਕਿ 260 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ।

ਇਰਾਨੀ ਸਰਕਾਰ ਦੀ ਬੁਲਾਰਨ ਨੇ ਦੱਸਿਆ ਕਿ ਮੌਤਾਂ ਅਤੇ ਜ਼ਖ਼ਮੀਆਂ ਦੇ ਇਹ ਅੰਕੜੇ ਹਾਲੀਆ ਹਵਾਈ ਹਮਲਿਆਂ ਨਾਲ ਸਬੰਧਤ ਹਨ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਅੰਕੜੇ ਕਿਸ ਸਮੇਂ ਦੌਰਾਨ ਹੋਏ ਹਮਲਿਆਂ ਨੂੰ ਦਰਸਾਉਂਦੇ ਹਨ।

ਇਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਰਾਤ ਭਰ ਹੋਏ ਹਮਲਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ ਅਤੇ ਹਸਪਤਾਲਾਂ ਵਿੱਚ ਇਲਾਜ ਜਾਰੀ ਹੈ। ਇਰਾਨ ਦਾ ਦਾਅਵਾ ਹੈ ਕਿ ਹਾਲੀਆ ਦਿਨਾਂ ਵਿੱਚ ਇਹ ਸਭ ਤੋਂ ਵੱਧ ਨੁਕਸਾਨ ਵਾਲਾ ਹਮਲਾ ਰਿਹਾ ਹੈ।

ਇਸੇ ਦੌਰਾਨ ਇਰਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਫ਼ੌਜੀ ਛਾਉਣੀ ਉੱਤੇ ਕੀਤੇ ਗਏ ਹਮਲੇ ਵਿੱਚ ਸੱਤ ਫ਼ੌਜੀਆਂ ਦੀ ਮੌਤ ਹੋ ਗਈ। ਫ਼ੌਜ ਦੇ ਬਿਆਨ ਅਨੁਸਾਰ ਹਮਲੇ ਦੌਰਾਨ ਕਈ ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ਨਾਲ ਫ਼ੌਜੀ ਬੈਰਕਾਂ, ਸੁਰੱਖਿਆ ਚੌਕੀਆਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।

ਇਰਾਨੀ ਫ਼ੌਜ ਨੇ ਇਸ ਕਾਰਵਾਈ ਨੂੰ ਹਮਲਾਵਰ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਦਾ ਜਵਾਬ ਢੁੱਕਵੇਂ ਸਮੇਂ 'ਤੇ ਦਿੱਤਾ ਜਾਵੇਗਾ।