ਸਿਰ ’ਤੇ ਦਸਤਾਰ ਸਜਾ ਕੇ ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਆਧੁਨਿਕ ਸਹੂਲਤਾਂ ਨਾਲ ਲੈਸ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਯਾਤਰੀਆਂ ਨੂੰ ਮਿਲਣਗੀਆਂ ਆਧੁਨਿਕ ਸਹੂਲਤਾਂ
ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਆਧੁਨਿਕ ਤਕਨੀਕ ਅਤੇ ਬਿਹਤਰ ਯਾਤਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇੱਥੇ ਏਸੀ ਵੇਟਿੰਗ ਹਾਲ, ਐਸਕੇਲੇਟਰ (ਚਲਦੀਆਂ ਪੌੜੀਆਂ), ਲਿਫਟ, ਡਿਜੀਟਲ ਲਾਕਰ, ਆਧੁਨਿਕ ਸੁਰੱਖਿਆ ਪ੍ਰਬੰਧ ਅਤੇ ਦਿਵਿਆਂਗ ਪੱਖੀ (ਸਰੀਰਕ ਤੌਰ &rsquoਤੇ ਅਸਮਰੱਥ ਲੋਕਾਂ ਲਈ ਅਨੁਕੂਲ) ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਸਟੇਸ਼ਨ ਦਾ ਨਵਾਂ ਸਰੂਪ ਯਾਤਰੀਆਂ ਨੂੰ ਹਵਾਈ ਅੱਡੇ ਵਰਗਾ ਅਹਿਸਾਸ ਕਰਵਾਏਗਾ।
ਸੁਰੱਖਿਆ ਦੇ ਰਹੇ ਸਖ਼ਤ ਪ੍ਰਬੰਧ
ਪ੍ਰਧਾਨ ਮੰਤਰੀ ਦੇ ਦੌਰੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ। ਰੇਲਵੇ ਸਟੇਸ਼ਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਤਾਇਨਾਤ ਕੀਤੇ ਗਏ। ਪੂਰੇ ਪ੍ਰੋਗਰਾਮ ਵਾਲੀ ਥਾਂ ਅਤੇ ਨਿਰਧਾਰਿਤ ਰੂਟ &rsquoਤੇ ਸਖ਼ਤ ਨਜ਼ਰ ਰੱਖੀ ਗਈ ਤਾਂ ਜੋ ਪ੍ਰੋਗਰਾਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਸਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੌਰੇ ਦੌਰਾਨ ਟ੍ਰਾਈਸਿਟੀ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਲਈ 4,700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਚੰਡੀਗੜ੍ਹ ਮਹਿਜ਼ ਇੱਕ ਸ਼ਹਿਰ ਨਹੀਂ ਹੈ, ਸਗੋਂ ਇਹ ਬਦਲਦੇ ਭਾਰਤ ਦੇ &lsquoਵਿਕਾਸ ਮਾਡਲ&rsquo ਦਾ ਇੱਕ ਵੱਡਾ ਪ੍ਰਤੀਕ ਹੈ ਅਤੇ ਇਸ ਦਾ ਸਰਵਪੱਖੀ ਵਿਕਾਸ ਕਰਨਾ ਸਾਡੀ ਸਰਕਾਰ ਦੀਆਂ ਮੁੱਖ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਹੈ।
ਆਪਣੇ ਸੰਬੋਧਨ ਦੌਰਾਨ ਦੇਸ਼ ਦੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੁਰਾਣੀ ਦੰਡ ਸੰਹਿਤਾ ਨੂੰ ਬਦਲ ਕੇ &lsquoਭਾਰਤੀ ਨਿਆ ਸੰਹਿਤਾ&rsquo ਲਾਗੂ ਕੀਤੀ ਹੈ, ਅਤੇ ਇਸ ਇਤਿਹਾਸਕ ਡਿਜੀਟਲ ਪ੍ਰੋਜੈਕਟ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੀ ਹੋਈ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿੱਚ ਜੋੜਦੀ ਹੈ, ਇਸ ਲਈ ਇੱਥੇ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ (ਇਨਫਰਾਸਟਰਕਚਰ) ਵਿੱਚ ਕੀਤਾ ਗਿਆ ਸੁਧਾਰ ਸਿੱਧੇ ਤੌਰ &rsquoਤੇ ਇਨ੍ਹਾਂ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਵੀ ਵੱਡਾ ਫ਼ਾਇਦਾ ਪਹੁੰਚਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਪੀ.ਜੀ.ਆਈ. ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਜਦੋਂ ਉਹ ਚੰਡੀਗੜ੍ਹ ਰਹਿੰਦੇ ਸਨ, ਤਾਂ ਅਕਸਰ ਆਪਣੇ ਸਾਥੀਆਂ ਦਾ ਹਾਲ-ਚਾਲ ਜਾਣਨ ਲਈ ਇੱਥੇ ਆਉਂਦੇ ਸਨ। ਉਨ੍ਹਾਂ ਦੱਸਿਆ ਕਿ ਸਾਲ 2015 ਤੋਂ ਬਾਅਦ ਹੁਣ ਪੀ.ਜੀ.ਆਈ. ਦਾ ਬਹੁਤ ਵੱਡਾ ਵਿਸਥਾਰ ਹੋਇਆ ਹੈ। ਅੱਜ ਇੱਥੇ &lsquoਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ&rsquo ਅਤੇ &lsquoਐਡਵਾਂਸਡ ਨਿਊਰੋਸਾਇੰਸ ਸੈਂਟਰ&rsquo ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਪੀ.ਜੀ.ਆਈ. ਵਿੱਚ ਹੁਣ ਨਵੇਂ ਐੱਮ.ਬੀ.ਬੀ.ਐੱਸ. ਕਾਲਜ ਨੂੰ ਵੀ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਦੇਸ਼ ਨੂੰ ਵੱਡੀ ਗਿਣਤੀ ਵਿੱਚ ਨਵੇਂ ਡਾਕਟਰ ਮਿਲਣਗੇ। ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦੇ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਦੀ ਵਿਸ਼ੇਸ਼ ਤੌਰ &rsquoਤੇ ਸ਼ਲਾਘਾ ਕੀਤੀ, ਜੋ ਲੰਬੇ ਸਮੇਂ ਤੋਂ ਸਵੱਛਤਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਿਹਤ ਖੇਤਰ &rsquoਤੇ ਗੱਲ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਮੈਡੀਕਲ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਆਏ ਹਨ ਅਤੇ ਮੈਡੀਕਲ ਸੀਟਾਂ ਸਮੇਤ ਕਾਲਜਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਉਨ੍ਹਾਂ ਸਾਲ 2022 ਵਿੱਚ ਆਪਣੇ ਵੱਲੋਂ ਉਦਘਾਟਨ ਕੀਤੇ ਗਏ &lsquoਹੋਮੀ ਭਾਬਾ ਕੈਂਸਰ ਹਸਪਤਾਲ&rsquo ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਮਰੀਜ਼ਾਂ ਨੂੰ ਬੇਹੱਦ ਘੱਟ ਕੀਮਤ &rsquoਤੇ ਵਿਸ਼ਵ ਪੱਧਰੀ ਇਲਾਜ ਦੀਆਂ ਸਹੂਲਤਾਂ ਮਿਲ ਰਹੀਆਂ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਵਦੇਸ਼ੀ ਤਕਨੀਕ ਨਾਲ ਵਿਕਸਿਤ ਇਹ ਟ੍ਰੇਨ ਹਾਈਡ੍ਰੋਜਨ ਫਿਊਲ ਸੈੱਲ &rsquoਤੇ ਆਧਾਰਿਤ ਹੈ ਅਤੇ ਸੰਚਾਲਨ ਦੌਰਾਨ ਜ਼ੀਰੋ ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਇਸ ਇਤਿਹਾਸਕ ਮੌਕੇ &rsquoਤੇ ਖੇਤਰ ਵਿੱਚ 23,000 ਕਰੋੜ ਰੁਪਏ ਤੋਂ ਵੱਧ ਦੇ ਵਿਸ਼ਾਲ ਸੜਕੀ ਬੁਨਿਆਦੀ ਢਾਂਚੇ, ਅਤਿ-ਆਧੁਨਿਕ ਸਿਹਤ ਸਹੂਲਤਾਂ ਅਤੇ ਸਿੱਖਿਆ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖ ਰਹੇ ਹਨ। ਇੱਥੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਇਸ ਪਵਿੱਤਰ ਧਰਤੀ &rsquoਤੇ ਆ ਕੇ ਮਨ ਗਦਗਦ ਹੋ ਗਿਆ ਹੈ... ਅੱਜ ਜੀਂਦ ਭਾਜਪਾ-ਐਨ.ਡੀ.ਏ. ਦੇ ਸੁਸ਼ਾਸਨ ਮਾਡਲ ਦੀ ਤਸਵੀਰ ਬਣ ਰਿਹਾ ਹੈ। ਪਿਛਲੇ ਸਾਲਾਂ ਵਿੱਚ ਪੂਰਾ ਹਰਿਆਣਾ ਹੀ ਵਿਕਾਸ ਦੀ ਨਵੀਂ ਲੀਹ &rsquoਤੇ ਚੱਲ ਪਿਆ ਹੈ। ਅੱਜ ਜੀਂਦ ਅਤੇ ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ ਹੈ।
ਅੱਜ ਇੱਥੋਂ ਦੇਸ਼ ਨੂੰ ਪਹਿਲੀ ਹਾਈਡ੍ਰੋਜਨ ਟ੍ਰੇਨ ਮਿਲੀ ਹੈ।"
ਆਪਣੇ ਇਸ ਰੁਝੇਵਿਆਂ ਭਰੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖਣਗੇ ਅਤੇ ਹਾਂਸੀ-ਬਰਵਾਲਾ ਨੈਸ਼ਨਲ ਹਾਈਵੇਅ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰਾਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਇਸ ਸਾਰੇ ਪ੍ਰੋਗਰਾਮ ਲਈ ਚੰਡੀਗੜ੍ਹ, ਹਰਿਆਣਾ ਅਤੇ ਜਲੰਧਰ ਵਿੱਚ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਲਗਪਗ 10,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਹਾਲਾਂਕਿ ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੈ, ਜਿਸ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਹੋਣ ਦੀ ਚਰਚਾ ਹੈ।