ਇੰਗਲੈਂਡ ਵਿਖੇ ਭਾਈ ਅਵਤਾਰ ਸਿੰਘ ਖੰਡਾ ਦੇ ਕਮਰੇ ਵਿੱਚ ਪਹੁੰਚੀ ਮਾਤਾ ਚਰਨਜੀਤ ਕੌਰ

ਲੰਡਨ: ਆਖਰਕਾਰ ਤਿੰਨ ਸਾਲਾਂ ਬਾਅਦ ਜਦੋਂ ਭਾਈ ਅਵਤਾਰ ਸਿੰਘ ਖੰਡਾ ਜੀ ਦੇ ਮਾਤਾ ਚਰਨਜੀਤ ਕੌਰ ਜੀ ਇੰਗਲੈਂਡ ਪਹੁੰਚੇ। ਜਿਉਂਦੇ ਜੀ ਤਾਂ ਸਰਕਾਰ ਨੇ ਮਿਲਣ ਨਾ ਦਿੱਤਾ ਮਾ ਪੁੱਤ ਨੂੰ, ਉਹ ਮਾਂ ਜਿਸ ਨੇ ਜਾਂਦੀ ਵਾਰੀ ਪੁੱਤ ਦਾ ਮੂੰਹ ਵੀ ਨਹੀਂ ਦੇਖਿਆ। ਮਾਤਾ ਨੇ ਜਦੋਂ ਇੰਗਲੈਂਡ ਵਿੱਚ ਆਪਣੇ ਪੁੱਤਰ ਭਾਈ ਅਵਤਾਰ ਸਿੰਘ ਖੰਡਾ ਜੀ ਦਾ ਕਮਰਾ ਖੋਲ੍ਹਿਆ, ਤਾਂ ਪਲ ਭਾਵੁਕ ਕਰਨ ਵਾਲਾ ਸੀ। ਓਥੇ ਖੜੀ ਹਰ ਅੱਖ ਰੋ ਰਹੀ ਸੀ। ਬੇਸ਼ੱਕ ਪੁੱਤਰ ਉੱਥੇ ਨਹੀਂ ਸੀ, ਪਰ ਹਰ ਕੋਨੇ ਵਿੱਚ ਪੁੱਤਰ ਦੀਆਂ ਯਾਦਾਂ ਸਾਹ ਲੈਂਦੀਆਂ ਮਹਿਸੂਸ ਹੋਈਆਂ। ਕਮਰੇ ਵਿੱਚ ਪਈ ਹਰ ਨਿਸ਼ਾਨੀ, ਹਰ ਚੀਜ਼ ਅਤੇ ਹਰ ਯਾਦ ਨੇ ਇੱਕ ਮਾਂ ਦੇ ਦਿਲ ਨੂੰ ਫਿਰ ਤੋਂ ਤੋੜ ਦਿੱਤਾ। ਪੁੱਤਰ ਭਾਵੇਂ ਸਰੀਰਕ ਰੂਪ ਵਿੱਚ ਨਾਲ ਨਹੀਂ ਹੁੰਦਾ, ਪਰ ਉਸ ਦੀਆਂ ਨਿਸ਼ਾਨੀਆਂ ਮਾਂ ਲਈ ਉਸ ਦੀ ਹਾਜ਼ਰੀ ਦਾ ਅਹਿਸਾਸ ਬਣ ਕੇ ਰਹਿੰਦੀਆਂ ਹਨ। ਮਾਤਾ ਚਰਨਜੀਤ ਕੌਰ ਜੀ ਨੇ ਜਿਸ ਸਬਰ, ਹੌਸਲੇ ਅਤੇ ਪਿਆਰ ਨਾਲ ਇਹ ਸਾਰਾ ਦੁੱਖ ਆਪਣੇ ਹਿਰਦੇ ਵਿੱਚ ਸਮੋਇਆ ਹੈ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸਰੀਰਕ ਤਕਲੀਫ਼ਾਂ ਅਤੇ ਸਿਹਤ ਦੀਆਂ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਦਾ ਮਜ਼ਬੂਤ ਇਰਾਦਾ, ਅਟੱਲ ਮਨੋਬਲ ਅਤੇ ਮਾਂ ਵਾਲੀ ਮਮਤਾ ਅਨੇਕਾਂ ਲੋਕਾਂ ਲਈ ਪ੍ਰੇਰਣਾ ਹੈ। ਮਾਂ ਦੀ ਮਮਤਾ ਸਮੇਂ ਨਾਲ ਕਦੇ ਘੱਟ ਨਹੀਂ ਹੁੰਦੀ। ਸਾਲ ਬੀਤ ਜਾਂਦੇ ਹਨ, ਪਰ ਪੁੱਤਰ ਦੀ ਇੱਕ-ਇੱਕ ਯਾਦ ਅੱਖਾਂ ਨੂੰ ਨਮ ਕਰ ਜਾਂਦੀ ਹੈ। ਵਾਹਿਗੁਰੂ ਮਾਤਾ ਜੀ ਨੂੰ ਚੜ੍ਹਦੀ ਕਲਾ ਅਤੇ ਹੌਸਲਾ ਬਖ਼ਸ਼ੇ, ਅਤੇ ਭਾਈ ਅਵਤਾਰ ਸਿੰਘ ਖੰਡਾ ਜੀ ਦੀਆਂ ਯਾਦਾਂ ਸਦਾ ਸਤਿਕਾਰ ਨਾਲ ਜਿਊਂਦੀਆਂ ਰਹਿਣ।