ਅਮਰੀਕਾ 'ਚ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਵੱਲ ਕਦਮ, ਹਾਊਸ ਤੋਂ ਬਿੱਲ ਪਾਸ

ਵਾਸ਼ਿੰਗਟਨ: ਅਮਰੀਕਾ ਵਿੱਚ ਹਰ ਸਾਲ ਦੋ ਵਾਰ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰਥਾ ਖ਼ਤਮ ਹੋਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਨੇ "ਸਨਸ਼ਾਈਨ ਪ੍ਰੋਟੈਕਸ਼ਨ ਐਕਟ" ਨੂੰ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਦੇਸ਼ ਵਿੱਚ ਸਾਲ ਭਰ ਡੇਲਾਈਟ ਸੇਵਿੰਗ ਟਾਈਮ (Daylight Saving Time) ਲਾਗੂ ਰਹੇਗੀ ਅਤੇ ਘੜੀਆਂ ਨੂੰ ਸਾਲ ਵਿੱਚ ਦੋ ਵਾਰ ਬਦਲਣ ਦੀ ਲੋੜ ਨਹੀਂ ਰਹੇਗੀ।
14 ਜੁਲਾਈ 2026 ਨੂੰ ਪੇਸ਼ ਕੀਤੇ ਗਏ ਇਸ ਬਿੱਲ ਦੇ ਹੱਕ ਵਿੱਚ 308 ਵੋਟਾਂ ਪਈਆਂ, ਜਦਕਿ 117 ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਬਿੱਲ ਨੂੰ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ।
ਹਾਲਾਂਕਿ ਇਹ ਪ੍ਰਸਤਾਵ ਅਜੇ ਕਾਨੂੰਨ ਨਹੀਂ ਬਣਿਆ। ਇਸ ਨੂੰ ਹੁਣ ਅਮਰੀਕੀ ਸੈਨੇਟ ਤੋਂ ਵੀ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖ਼ਤ ਹੋਣ 'ਤੇ ਹੀ ਇਹ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਸਕੇਗਾ।
ਮੌਜੂਦਾ ਪ੍ਰਣਾਲੀ ਅਨੁਸਾਰ ਅਮਰੀਕਾ ਦੇ ਜ਼ਿਆਦਾਤਰ ਸੂਬਿਆਂ ਵਿੱਚ ਮਾਰਚ ਮਹੀਨੇ ਘੜੀਆਂ ਇੱਕ ਘੰਟਾ ਅੱਗੇ ਅਤੇ ਨਵੰਬਰ ਵਿੱਚ ਇੱਕ ਘੰਟਾ ਪਿੱਛੇ ਕੀਤੀਆਂ ਜਾਂਦੀਆਂ ਹਨ। ਜੇਕਰ ਨਵਾਂ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਨਵੰਬਰ ਵਿੱਚ ਘੜੀਆਂ ਪਿੱਛੇ ਨਹੀਂ ਕੀਤੀਆਂ ਜਾਣਗੀਆਂ, ਜਿਸ ਨਾਲ ਸ਼ਾਮ ਦੇ ਸਮੇਂ ਇੱਕ ਘੰਟਾ ਵੱਧ ਰੌਸ਼ਨੀ ਮਿਲੇਗੀ।
ਬਿੱਲ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਨੂੰ ਵਾਰ-ਵਾਰ ਸਮਾਂ ਬਦਲਣ ਦੀ ਔਖ ਤੋਂ ਰਾਹਤ ਮਿਲੇਗੀ, ਕਾਰੋਬਾਰ ਨੂੰ ਫਾਇਦਾ ਹੋਵੇਗਾ ਅਤੇ ਸ਼ਾਮ ਵੇਲੇ ਵਧੇਰੇ ਰੌਸ਼ਨੀ ਹੋਣ ਕਾਰਨ ਸੜਕ ਹਾਦਸਿਆਂ ਅਤੇ ਅਪਰਾਧਾਂ ਵਿੱਚ ਵੀ ਕਮੀ ਆ ਸਕਦੀ ਹੈ।
ਦੂਜੇ ਪਾਸੇ, ਨੀਂਦ ਅਤੇ ਸਿਹਤ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਸਟੈਂਡਰਡ ਟਾਈਮ ਮਨੁੱਖੀ ਸਰੀਰ ਦੀ ਕੁਦਰਤੀ ਜੈਵਿਕ ਘੜੀ ਨਾਲ ਵੱਧ ਮੇਲ ਖਾਂਦਾ ਹੈ। ਉਨ੍ਹਾਂ ਅਨੁਸਾਰ ਸਥਾਈ ਡੇਲਾਈਟ ਸੇਵਿੰਗ ਟਾਈਮ ਲਾਗੂ ਹੋਣ ਨਾਲ ਸਰਦੀਆਂ ਵਿੱਚ ਸਵੇਰ ਦੇ ਸਮੇਂ ਹਨੇਰਾ ਵੱਧ ਰਹਿ ਸਕਦਾ ਹੈ, ਜਿਸ ਨਾਲ ਸਕੂਲ ਜਾਣ ਵਾਲੇ ਬੱਚਿਆਂ ਅਤੇ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਦਿੱਕਤ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ 1974 ਵਿੱਚ ਵੀ ਸਾਲ ਭਰ ਡੇਲਾਈਟ ਸੇਵਿੰਗ ਟਾਈਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੋਕਾਂ ਦੇ ਵਿਰੋਧ ਤੋਂ ਬਾਅਦ ਕੁਝ ਮਹੀਨਿਆਂ ਵਿੱਚ ਹੀ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ।
ਫਿਲਹਾਲ ਹਵਾਈ ਅਤੇ ਐਰੀਜ਼ੋਨਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਡੇਲਾਈਟ ਸੇਵਿੰਗ ਟਾਈਮ ਲਾਗੂ ਨਹੀਂ ਹੁੰਦੀ। ਜਦੋਂ ਤੱਕ ਸੈਨੇਟ ਅਤੇ ਰਾਸ਼ਟਰਪਤੀ ਵੱਲੋਂ ਅੰਤਿਮ ਮਨਜ਼ੂਰੀ ਨਹੀਂ ਮਿਲਦੀ, ਅਮਰੀਕਾ ਵਿੱਚ ਮੌਜੂਦਾ ਸਮਾਂ ਪ੍ਰਣਾਲੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ।