RBI ਦਾ ਪੌਲੀਮਰ ਕਰੰਸੀ ਵੱਲ ਕਦਮ, ₹10 ਅਤੇ ₹20 ਦੇ ਨੋਟਾਂ ਨਾਲ ਹੋਵੇਗਾ ਪਾਇਲਟ ਪ੍ਰੋਜੈਕਟ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੇਸ਼ ਵਿੱਚ ਪੌਲੀਮਰ (ਪਲਾਸਟਿਕ) ਕਰੰਸੀ ਨੋਟਾਂ ਦੀ ਸ਼ੁਰੂਆਤ ਲਈ ਪਾਇਲਟ ਪ੍ਰੋਜੈਕਟ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪਹਿਲੇ ਪੜਾਅ ਵਿੱਚ ₹10 ਅਤੇ ₹20 ਦੇ ਨੋਟਾਂ ਨਾਲ ਇਸ ਤਕਨੀਕ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਪ੍ਰਯੋਗ ਦੇ ਨਤੀਜਿਆਂ ਦੇ ਆਧਾਰ &lsquoਤੇ ਅਗਲੇ ਪੜਾਅ ਬਾਰੇ ਫ਼ੈਸਲਾ ਲਿਆ ਜਾਵੇਗਾ।

ਰਿਪੋਰਟਾਂ ਮੁਤਾਬਕ, ਜੇਕਰ ਪਾਇਲਟ ਪ੍ਰੋਜੈਕਟ ਸਫ਼ਲ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੌਲੀਮਰ ਨੋਟਾਂ ਨੂੰ ਵੱਡੇ ਪੱਧਰ &lsquoਤੇ ਜਾਰੀ ਕਰਨ ਦੀ ਯੋਜਨਾ &lsquoਤੇ ਕੰਮ ਕੀਤਾ ਜਾ ਸਕਦਾ ਹੈ। ਪੌਲੀਮਰ ਨੋਟ ਆਮ ਕਾਗਜ਼ੀ ਨੋਟਾਂ ਨਾਲੋਂ ਵਧੇਰੇ ਟਿਕਾਊ ਮੰਨੇ ਜਾਂਦੇ ਹਨ ਅਤੇ ਇਹ ਪਾਣੀ, ਧੂੜ ਅਤੇ ਰੋਜ਼ਾਨਾ ਵਰਤੋਂ ਨਾਲ ਘੱਟ ਖ਼ਰਾਬ ਹੁੰਦੇ ਹਨ।

RBI ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੌਲੀਮਰ ਨੋਟਾਂ ਦੇ ਆਉਣ ਨਾਲ ਮੌਜੂਦਾ ਕਾਗਜ਼ੀ ਨੋਟ ਤੁਰੰਤ ਬੰਦ ਨਹੀਂ ਕੀਤੇ ਜਾਣਗੇ। ਦੋਵੇਂ ਕਿਸਮਾਂ ਦੇ ਨੋਟ ਕੁਝ ਸਮੇਂ ਤੱਕ ਇਕੱਠੇ ਚਲਣਗੇ ਅਤੇ ਇਹ ਬਦਲਾਅ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ, ਤਾਂ ਜੋ ਲੋਕਾਂ ਅਤੇ ਬੈਂਕਿੰਗ ਪ੍ਰਣਾਲੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ RBI ਦੀ ਨੋਟ ਪ੍ਰਿੰਟਿੰਗ ਇਕਾਈ ਨੇ ਵਿਸ਼ੇਸ਼ ਪੌਲੀਮਰ ਸਬਸਟ੍ਰੇਟ ਸ਼ੀਟਾਂ ਦੀ ਸਪਲਾਈ ਲਈ ਗਲੋਬਲ ਪੱਧਰ &lsquoਤੇ ਰੁਚੀ ਪੱਤਰ (Expression of Interest) ਮੰਗੇ ਹਨ। ਇਹ ਸ਼ੀਟਾਂ ਉੱਚ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੋਣਗੀਆਂ ਅਤੇ ਨਵੇਂ ਨੋਟਾਂ ਦੀ ਛਪਾਈ ਲਈ ਵਰਤੀਆਂ ਜਾਣਗੀਆਂ।

ਮਾਹਿਰਾਂ ਦਾ ਮੰਨਣਾ ਹੈ ਕਿ ਪੌਲੀਮਰ ਕਰੰਸੀ ਦੀ ਵਰਤੋਂ ਨਾਲ ਨੋਟਾਂ ਦੀ ਉਮਰ ਵਧੇਗੀ, ਨਕਲੀ ਨੋਟਾਂ &lsquoਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ ਅਤੇ ਲੰਬੇ ਸਮੇਂ ਵਿੱਚ ਕਰੰਸੀ ਪ੍ਰਬੰਧਨ ਦੀ ਲਾਗਤ ਵੀ ਘੱਟ ਹੋ ਸਕਦੀ ਹੈ। ਹਾਲਾਂਕਿ, RBI ਵੱਲੋਂ ਇਸ ਸਬੰਧੀ ਅੰਤਿਮ ਫ਼ੈਸਲਾ ਪਾਇਲਟ ਪ੍ਰੋਜੈਕਟ ਦੇ ਨਤੀਜਿਆਂ ਤੋਂ ਬਾਅਦ ਹੀ ਲਿਆ ਜਾਵੇਗਾ।