ਰਜਿਸਟਰੀ ਪ੍ਰਕਿਰਿਆ ਹੋਵੇਗੀ ਹੋਰ ਆਸਾਨ, ਪੰਜਾਬ ਸਰਕਾਰ ਨੇ 35 ਔਖੇ ਸ਼ਬਦਾਂ ਦੀ ਥਾਂ ਸੌਖੀ ਪੰਜਾਬੀ ਅਪਣਾਈ

ਮੁਹਾਲੀ: ਪੰਜਾਬ ਸਰਕਾਰ ਨੇ ਜ਼ਮੀਨ ਅਤੇ ਹੋਰ ਅਚੱਲ ਸੰਪੱਤੀ ਦੀ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਲੋਕਾਂ ਲਈ ਹੋਰ ਸਰਲ ਬਣਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਮਾਲ ਅਤੇ ਪੁਨਰਵਾਸ ਵਿਭਾਗ ਨੇ ਰਜਿਸਟਰੀ ਵਿੱਚ ਵਰਤੇ ਜਾਂਦੇ 35 ਪੁਰਾਣੇ ਉਰਦੂ-ਫਾਰਸੀ ਮੂਲ ਦੇ ਔਖੇ ਸ਼ਬਦਾਂ ਦੀ ਥਾਂ ਸੌਖੇ ਪੰਜਾਬੀ ਸ਼ਬਦ ਵਰਤਣ ਲਈ ਨਵੀਂ ਸੂਚੀ ਜਾਰੀ ਕੀਤੀ ਹੈ।

ਸਰਕਾਰ ਦੇ ਇਸ ਫ਼ੈਸਲੇ ਦਾ ਮਕਸਦ ਆਮ ਲੋਕਾਂ ਲਈ ਰਜਿਸਟਰੀ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਭਾਸ਼ਾ ਨੂੰ ਵਧੇਰੇ ਸਪੱਸ਼ਟ ਅਤੇ ਸਮਝਣ ਯੋਗ ਬਣਾਉਣਾ ਹੈ। ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਨੂੰ ਕਾਨੂੰਨੀ ਦਸਤਾਵੇਜ਼ਾਂ ਨੂੰ ਸਮਝਣ ਵਿੱਚ ਸਹੂਲਤ ਮਿਲੇਗੀ ਅਤੇ ਬੇਲੋੜੀਆਂ ਉਲਝਣਾਂ ਘੱਟ ਹੋਣਗੀਆਂ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਵਿਭਾਗ ਵਿੱਚ ਵਰਤੀ ਜਾਂਦੀ ਜਟਿਲ ਭਾਸ਼ਾ ਨੂੰ ਸਰਲ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਇੱਕ ਕਮੇਟੀ ਬਣਾਈ ਗਈ, ਜਿਸ ਨੇ ਪੁਰਾਣੇ ਸ਼ਬਦਾਂ ਦੀ ਸਮੀਖਿਆ ਕਰਕੇ ਉਨ੍ਹਾਂ ਦੇ ਬਦਲੇ ਆਮ ਬੋਲੀ ਦੇ 35 ਪੰਜਾਬੀ ਸ਼ਬਦਾਂ ਦੀ ਸਿਫ਼ਾਰਸ਼ ਕੀਤੀ।

ਮਾਲ ਤੇ ਪੁਨਰਵਾਸ ਵਿਭਾਗ ਦੀ ਸਟੈਂਪ ਅਤੇ ਰਜਿਸਟ੍ਰੇਸ਼ਨ ਸ਼ਾਖਾ ਨੇ ਇਸ ਸਬੰਧੀ ਇੰਸਪੈਕਟਰ ਜਨਰਲ ਆਫ਼ ਰਜਿਸਟ੍ਰੇਸ਼ਨ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਨਵੀਂ ਸ਼ਬਦਾਵਲੀ ਨੂੰ ਤਰਜੀਹ ਦੇਣ ਲਈ ਕਿਹਾ ਹੈ। ਨਾਲ ਹੀ ਪੁਰਾਣੇ ਅਤੇ ਨਵੇਂ ਸ਼ਬਦਾਂ ਦੀ ਸੂਚੀ ਵੀ ਸਾਂਝੀ ਕੀਤੀ ਗਈ ਹੈ।

ਸਰਕਾਰ ਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਰਜਿਸਟਰੀ ਪ੍ਰਕਿਰਿਆ ਹੋਰ ਪਾਰਦਰਸ਼ੀ, ਸਰਲ ਅਤੇ ਲੋਕ-ਪੱਖੀ ਬਣੇਗੀ, ਜਿਸ ਦਾ ਲਾਭ ਹਰ ਰੋਜ਼ ਰਜਿਸਟਰੀ ਕਰਵਾਉਣ ਵਾਲੇ ਹਜ਼ਾਰਾਂ ਲੋਕਾਂ ਨੂੰ ਮਿਲੇਗਾ।