ਕੈਨੇਡਾ ਦੇ ਹੈਮਿਲਟਨ ਵਿੱਚ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ, ਪੁਲਿਸ ਨੇ ਜਾਂਚ ਕੀਤੀ ਤੇਜ਼

ਹੈਮਿਲਟਨ (ਕੈਨੇਡਾ): ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਇੱਕ 29 ਸਾਲਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਹੈ, ਜੋ ਸਾਲ 2022 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ।

ਜਾਣਕਾਰੀ ਅਨੁਸਾਰ, ਤਰਨਪ੍ਰੀਤ ਸਿੰਘ ਸਿੱਧੂ ਬਰੈਂਪਟਨ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਕੁਝ ਸਮਾਂ ਹੈਲੀਫੈਕਸ ਵਿੱਚ ਵੀ ਰਹਿ ਚੁੱਕਾ ਸੀ। ਉਸ ਦੀ ਲਾਸ਼ ਹੈਮਿਲਟਨ ਦੇ ਸਟੋਨੀ ਕਰੀਕ ਇਲਾਕੇ ਵਿੱਚ ਇੱਕ ਨਾਲੀ (ਕਲਵਰਟ) ਵਿੱਚੋਂ ਬਰਾਮਦ ਹੋਈ।

ਹੈਮਿਲਟਨ ਪੁਲਿਸ ਨੇ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਦੀ ਮੌਤ ਉਸ ਥਾਂ &lsquoਤੇ ਨਹੀਂ ਹੋਈ, ਜਿੱਥੇ ਉਸ ਦੀ ਲਾਸ਼ ਮਿਲੀ ਸੀ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੈਮਿਲਟਨ ਪੁਲਿਸ ਪੀਲ ਰੀਜਨਲ ਪੁਲਿਸ ਦੀ ਹੋਮੀਸਾਈਡ ਯੂਨਿਟ ਨਾਲ ਮਿਲ ਕੇ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਸੰਭਾਵਿਤ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।