ਕੈਨੇਡਾ ਦੇ ਜਿਮ ‘ਚ ਕਿਰਪਾਨ ਨੂੰ ਲੈ ਕੇ ਵਿਵਾਦ, ਸਿੱਖ ਇਨਫਲੂਐਂਸਰ ਨੇ ਲਗਾਏ ਧਾਰਮਿਕ ਵਿਤਕਰੇ ਦੇ ਦੋਸ਼

ਵਿੰਡਸਰ (ਕੈਨੇਡਾ): ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਇੱਕ ਜਿਮ ਅੰਦਰ ਕਿਰਪਾਨ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਸਿੱਖ ਸੋਸ਼ਲ ਮੀਡੀਆ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਖ਼ਾਲਸਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਧਾਰਮਿਕ ਚਿੰਨ੍ਹ ਕਿਰਪਾਨ ਪਹਿਨਣ ਕਾਰਨ ਜਿਮ ਤੋਂ ਬਾਹਰ ਜਾਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਅਤੇ ਸਿੱਖ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਜਾਣਕਾਰੀ ਅਨੁਸਾਰ, ਗੁਰਪ੍ਰਤਾਪ ਸਿੰਘ ਵਿੰਡਸਰ ਸਥਿਤ ਇੱਕ ਫਿਟਨੈੱਸ ਸੈਂਟਰ ਵਿੱਚ ਕਸਰਤ ਕਰ ਰਹੇ ਸਨ। ਇਸ ਦੌਰਾਨ ਜਿਮ ਪ੍ਰਬੰਧਕਾਂ ਨੇ ਦੱਸਿਆ ਕਿ ਇੱਕ ਮੈਂਬਰ ਵੱਲੋਂ ਕਿਰਪਾਨ ਸਬੰਧੀ ਇਤਰਾਜ਼ ਜਤਾਇਆ ਗਿਆ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਜਿਮ ਛੱਡਣ ਲਈ ਕਿਹਾ ਗਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ &lsquoਤੇ ਵਿਆਪਕ ਤੌਰ &lsquoਤੇ ਸਾਂਝੀ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਜਿਮ ਸਟਾਫ਼ ਇਹ ਕਹਿੰਦਾ ਸੁਣਾਈ ਦਿੰਦਾ ਹੈ ਕਿ ਇਹ ਕਾਰਵਾਈ ਕਿਸੇ ਹੋਰ ਮੈਂਬਰ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ।
ਦੂਜੇ ਪਾਸੇ, ਗੁਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਧਾਰਮਿਕ ਚਿੰਨ੍ਹ ਹੈ ਅਤੇ ਕੈਨੇਡਾ ਵਿੱਚ ਧਾਰਮਿਕ ਆਜ਼ਾਦੀ ਕਾਨੂੰਨੀ ਤੌਰ &lsquoਤੇ ਸੁਰੱਖਿਅਤ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਧਾਰਮਿਕ ਪਛਾਣ ਦੇ ਆਧਾਰ &lsquoਤੇ ਵਿਤਕਰਾ ਕੀਤਾ ਗਿਆ।
ਫਿਲਹਾਲ ਜਿਮ ਪ੍ਰਬੰਧਨ ਵੱਲੋਂ ਇਸ ਮਾਮਲੇ &lsquoਤੇ ਕੋਈ ਵਿਸਥਾਰਪੂਰਵਕ ਜਨਤਕ ਬਿਆਨ ਸਾਹਮਣੇ ਨਹੀਂ ਆਇਆ ਹੈ। ਘਟਨਾ ਨੇ ਕੈਨੇਡਾ ਵਿੱਚ ਧਾਰਮਿਕ ਆਜ਼ਾਦੀ, ਸੁਰੱਖਿਆ ਨੀਤੀਆਂ ਅਤੇ ਜਨਤਕ ਥਾਵਾਂ &lsquoਤੇ ਧਾਰਮਿਕ ਚਿੰਨ੍ਹਾਂ ਦੇ ਸਨਮਾਨ ਸਬੰਧੀ ਚਰਚਾ ਨੂੰ ਇੱਕ ਵਾਰ ਫਿਰ ਤੇਜ਼ ਕਰ ਦਿੱਤਾ ਹੈ।