ਯੂਕੇ ਦੌਰੇ ‘ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਲੰਡਨ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਹਕਾਮੀ ਸੇਵਾ ਟਰੱਸਟ ਯੂਕੇ ਦੇ ਸੱਦੇ &lsquoਤੇ ਤਿੰਨ ਦਿਨਾਂ ਦੇ ਦੌਰੇ ਲਈ ਯੂਨਾਈਟਿਡ ਕਿੰਗਡਮ (ਯੂਕੇ) ਪੁੱਜੇ ਹਨ। ਲੰਡਨ ਹਵਾਈ ਅੱਡੇ &lsquoਤੇ ਸਥਾਨਕ ਸਿੱਖ ਸੰਗਤ ਅਤੇ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਸਿਰੋਪਾਓ, ਫੁੱਲਾਂ ਦੇ ਗੁਲਦਸਤਿਆਂ ਅਤੇ ਜੈਕਾਰਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ।

ਤਿੰਨ ਦਿਨਾਂ ਦੇ ਇਸ ਦੌਰੇ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਲੰਡਨ ਦੇ ਹੇਜ਼ ਸਥਿਤ ਗੁਰਦੁਆਰਾ ਗੁਰੂ ਗਰੀਬ ਨਿਵਾਜ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਉਹ ਸੰਗਤ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਗੁਰਮਤਿ ਅਤੇ ਪੰਥਕ ਵਿਸ਼ਿਆਂ &lsquoਤੇ ਆਪਣੇ ਵਿਚਾਰ ਵੀ ਸਾਂਝੇ ਕਰਨਗੇ।

ਇਹ ਧਾਰਮਿਕ ਸਮਾਗਮ ਨਿਹਕਾਮੀ ਸੇਵਾ ਟਰੱਸਟ ਯੂਕੇ, ਜੱਥਾ ਪੰਜ ਪਿਆਰੇ ਸਾਹਿਬਾਨ ਯੂਕੇ, ਗੁਰੂ ਹਰਿਗੋਬਿੰਦ ਸਾਹਿਬ ਟਰੱਸਟ ਯੂਕੇ ਅਤੇ ਸਮੂਹ ਸਾਧ-ਸੰਗਤ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਜਾ ਰਿਹਾ ਹੈ।

ਆਪਣੇ ਦੌਰੇ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਵੀ ਹਾਜ਼ਰੀ ਭਰਨਗੇ, ਜਿੱਥੇ ਉਹ ਸਥਾਨਕ ਸੰਗਤ ਨਾਲ ਮੁਲਾਕਾਤ ਕਰਕੇ ਸਿੱਖ ਪੰਥ ਨਾਲ ਜੁੜੇ ਵੱਖ-ਵੱਖ ਮਸਲਿਆਂ &lsquoਤੇ ਵਿਚਾਰ-ਵਟਾਂਦਰਾ ਕਰਨਗੇ। ਯੂਕੇ ਵਿੱਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਇਸ ਦੌਰੇ ਨੂੰ ਧਾਰਮਿਕ ਅਤੇ ਪੰਥਕ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।