ਐਂਡੀ ਬਰਨਹੈਮ ਲੇਬਰ ਪਾਰਟੀ ਦੇ ਨਵੇਂ ਆਗੂ ਚੁਣੇ ਗਏ

ਲੰਡਨ : ਬਰਤਾਨੀਆ ਦੀ ਸੱਤਾਧਾਰੀ ਲੇਬਰ ਪਾਰਟੀ ਨੇ 56 ਸਾਲਾ ਐਂਡੀ ਬਰਨਹੈਮ ਨੂੰ ਆਪਣਾ ਨਵਾਂ ਆਗੂ ਚੁਣ ਲਿਆ ਹੈ। ਮੌਜੂਦਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਸੋਮਵਾਰ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਕਿੰਗ ਚਾਰਲਸ ਤੀਜੇ ਵੱਲੋਂ ਬਰਨਹੈਮ ਨੂੰ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇਗਾ।
ਉੱਤਰੀ ਇੰਗਲੈਂਡ ਦੇ ਮੇਕਰਫੀਲਡ ਤੋਂ ਸੰਸਦ ਮੈਂਬਰ ਐਂਡੀ ਬਰਨਹੈਮ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਪਾਰਟੀ ਆਗੂ ਚੁਣੇ ਜਾਣ ਮਗਰੋਂ ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ 2024 ਦੀਆਂ ਆਮ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਇਹ ਆਖ਼ਰੀ ਮੌਕਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕੀਰ ਸਟਾਰਮਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਗੇ।