ਇਟਲੀ: 4 ਸਾਲਾ ਭਤੀਜੇ ਨੂੰ ਬਚਾਉਣ ਲਈ ਅੱਡਾ ਦਰਿਆ ਵਿੱਚ ਛਾਲ ਮਾਰਨ ਵਾਲੇ 47 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ, ਬੱਚਾ ਵੀ ਨਾ ਬਚ ਸਕਿਆ

 
ਰੋਮ ਇਟਲੀ 20 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਮਿਲਾਨ ਸੂਬੇ ਦੇ ਟ੍ਰੁਕਾਜ਼ਾਨੋ ਇਲਾਕੇ ਵਿੱਚ ਵਗਦੇ ਅੱਡਾ (Adda) ਦਰਿਆ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ।ਜਿੱਥੇ 47 ਸਾਲਾ ਭਾਰਤੀ ਮੂਲ ਦਾ ਇੱਕ ਵਿਅਕਤੀ, ਜੋ ਪੁਰਤਗਾਲ ਵਿੱਚ ਰਹਿੰਦਾ ਸੀ ਅਤੇ ਇਟਲੀ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਹੋਇਆ ਸੀ, ਆਪਣੇ 4 ਸਾਲਾ ਭਤੀਜੇ ਨੂੰ ਡੁੱਬਣ ਤੋਂ ਬਚਾਉਣ ਲਈ ਦਰਿਆ ਵਿੱਚ ਛਾਲ ਮਾਰ ਬੈਠਾ। ਬਚਾਅ ਦੀ ਕੋਸ਼ਿਸ਼ ਦੌਰਾਨ ਉਹ ਖੁਦ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ ਅਤੇ ਬਾਹਰ ਨਾ ਨਿਕਲ ਸਕਿਆ। ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਅਤੇ ਗੋਤਾਖੋਰ ਟੀਮਾਂ ਨੇ ਉਸ ਦੀ ਭਾਲ ਕੀਤੀ, ਤੇ ਪਰ ਉਸ ਦੀ ਮੌਤ ਹੋ ਗਈ ਸੀ। 4 ਸਾਲਾ ਬੱਚੇ ਨੂੰ ਹੈਲੀਕਾਪਟਰ ਰਾਹੀਂ ਬੇਰਗਾਮੋ ਦੇ ਪਾਪਾ ਜਿਓਵਾਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਉਸ ਬੱਚੇ ਨੂੰ ਬਚਾਇਆ ਨਾ ਜਾ ਸਕਿਆ ਅਤੇ ਕੁਝ ਸਮੇਂ ਬਾਅਦ ਉਸ ਦੀ ਵੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਅਤੇ ਸੰਬੰਧਤ ਅਧਿਕਾਰੀ ਹਾਦਸੇ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ। ਤਾਂ ਜੋ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ।