ਚੰਡੀਗੜ੍ਹ ਅਤੇ ਦਿੱਲੀ 'ਚ ਜ਼ਬਰ ਢਾਹੁਣ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਤਿੱਖਾ ਵਿਰੋਧ

 ਜਲੰਧਰ, 20 ਜੁਲਾਈ: ਅੱਜ ਦੇ ਦਿਨ 20 ਜੁਲਾਈ 1965 ਭਾਰਤ ਮਾਂ ਦੇ ਮਹਾਨ ਸਪੂਤ ਬੁਟਕੇਸ਼ਵਰ ਦੱਤ ਦਾ ਸਦੀਵੀ ਵਿਛੋੜਾ ਹੋਇਆ ਉਸ ਦਿਨ ਸ਼ਹੀਦ ਭਗਤ ਸਿੰਘ ਦੇ ਸਾਥੀ ਬੀ.ਕੇ. ਦੱਤ ਨੂੰ ਸਿਜਦਾ ਕਰਨ ਦੀ ਬਜਾਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਨਾਮਵਰ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਮੁਲਕ ਦੀ ਰਾਜਧਾਨੀ ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਜੁੜੇ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਬੋਲ਼ੇ ਹਾਕਮ ਲਾਠੀਆਂ, ਅੱਥਰੂ ਗੈਸ ਦੇ ਗੋਲ਼ੇ ਵਰ੍ਹਾ ਕੇ ਅਤੇ ਧੜਾ ਧੜ ਗ੍ਰਿਫ਼ਤਾਰੀਆਂ ਕਰਕੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ। ਇਹ ਕਹਿਣਾ ਹੈ ਦੇਸ ਭਗਤ ਯਾਦਗਾਰ ਕਮੇਟੀ ਦਾ।


ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ਼ ਵਾਅਦਾ-ਖ਼ਿਲਾਫ਼ੀ ਕਰਦੇ ਹੋਏ ਚੰਡੀਗੜ੍ਹ ਪ੍ਰਸਾਸ਼ਨ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਭਗਵਾਂ ਸੰਸਥਾਵਾਂ ਦਾ ਸਮਾਗਮ ਕਰਨ ਦਾ ਚੁਪਕੇ ਜਿਹੇ ਯਤਨ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ 'ਤੇ ਉਹਨਾਂ ਨੂੰ ਘੜੀਸ ਕੇ ਥਾਣੇ ਲਿਜਾਇਆ ਗਿਆ। ਜ਼ਬਰਦਸਤ ਵਿਰੋਧ ਹੋਣ 'ਤੇ ਵਿਦਿਆਰਥੀਆਂ ਨੂੰ ਭਾਵੇਂ ਛੱਡ ਦਿੱਤਾ ਪਰ ਸਾਧਵੀ ਰਿਤੰਬਰਾ ਅਤੇ ਸ਼ਾਂਤੀ ਕੁਮਾਰੀ ਵਰਗਿਆਂ ਨੂੰ ਯੂਨੀਵਰਸਿਟੀ ਅੰਦਰ ਆਉਣ ਅਤੇ ਫ਼ਿਰਕੂ ਜ਼ਹਿਰ ਦਾ ਛੱਟਾ ਦੇਣ ਵਾਲੀਆਂ ਸੰਸਥਾਵਾਂ ਨੂੰ ਪ੍ਰਸਾਸ਼ਨ ਵੱਲੋਂ ਪਲਕਾਂ 'ਤੇ ਬਿਠਾਉਣ ਲਈ ਤਰਲੋ ਮੱਛੀ ਹੋਣਾ ਤਿੱਖੇ ਸੁਆਲ ਖੜ੍ਹੇ ਕਰ ਰਿਹਾ ਹੈ।
ਇਉਂ ਹੀ ਜੰਤਰ ਮੰਤਰ ਨਵੀਂ ਦਿੱਲੀ ਵਿਦਿਆਰਥੀਆਂ ਅਤੇ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਬੰਦ ਕਰਾਉਣ ਲਈ ਭਾਜਪਾ ਹਕੂਮਤ ਦਾ ਪੱਬਾਂ ਭਾਰ ਹੋਣਾ ਦਰਸਾਉਂਦਾ ਹੈ ਕਿ ਭਾਰਤ ਅੰਦਰ ਇਹ ਕੇਹੀ ਜਮਹੂਰੀਅਤ ਹੈ।
ਚੰਡੀਗੜ੍ਹ ਅਤੇ ਨਵੀਂ ਦਿੱਲੀ ਅੱਜ ਦੀਆਂ ਇਹਨਾਂ ਤਾਜ਼ਾ ਘਟਨਾਵਾਂ ਤੇ ਆਜ਼ਾਦੀ ਸੰਗਰਾਮ ਦੀ ਵਾਰਸ ਸੰਸਥਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫ਼ੋਂ ਤਿੱਖੀ ਰੋਸ ਪ੍ਰਤੀਕਿਰਿਆ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਜਮਹੂਰੀ ਹੱਕਾਂ ਉਪਰ ਬੁਲਡੋਜ਼ਰ ਚਲਾਉਣਾ ਦੱਸਿਆ ਹੈ।
ਦੇਸ਼ ਭਗਤ ਕਮੇਟੀ ਦਾ ਕਹਿਣਾ ਹੈ ਕਿ ਫ਼ਿਰਕੂ ਤਾਕਤਾਂ ਦੀ ਪਿੱਠ ਥਾਪੜਨਾ ਅਤੇ ਜਮਹੂਰੀ ਤਾਕਤਾਂ ਦੀ ਜ਼ੁਬਾਨਬੰਦੀ ਕਰਨਾ, ਅੱਗੇ ਵਧਦੇ ਫ਼ਿਰਕੂ ਫਾਸ਼ੀ ਹੱਲੇ ਦਾ ਪ੍ਰਤੀਕ ਹੈ, ਜਿਸਨੂੰ ਦੇਸ਼ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।