ਭਾਰਤ ਬਰਤਾਨੀਆ ਵਪਾਰ ਮੁਕਤ ਸਮਝੌਤਾ ਲਾਗੂ ਹੋਇਆ

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਭਾਰਤ ਅਤੇ ਬਰਤਾਨੀਆ (ਯੂਕੇ) ਵਿਚਕਾਰ ਹੋਇਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (Comprehensive Economic and Trade Agreement &ndash CETA) 15 ਜੁਲਾਈ 2026 ਤੋਂ ਅਧਿਕਾਰਤ ਤੌਰ &rsquoਤੇ ਲਾਗੂ ਹੋ ਗਿਆ ਹੈ। ਇਸ ਇਤਿਹਾਸਕ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ।

        ਇਹ ਸਮਝੌਤਾ ਪੂਰੇ ਯੂਨਾਈਟਿਡ ਕਿੰਗਡਮ, ਜਿਸ ਵਿੱਚ ਸਕਾਟਲੈਂਡ, ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਸ਼ਾਮਲ ਹਨ, &rsquoਤੇ ਲਾਗੂ ਹੋਵੇਗਾ। ਇਸ ਨਾਲ ਭਾਰਤੀ ਅਤੇ ਬਰਤਾਨਵੀ ਕਾਰੋਬਾਰਾਂ ਲਈ ਨਵੇਂ ਬਾਜ਼ਾਰਾਂ ਦੇ ਦਰਵਾਜ਼ੇ ਖੁੱਲ੍ਹਣਗੇ ਅਤੇ ਦੋਵਾਂ ਦੇਸ਼ਾਂ ਦੇ ਉਦਯੋਗਾਂ ਨੂੰ ਵੱਡਾ ਲਾਭ ਮਿਲੇਗਾ। ਸਮਝੌਤੇ ਤਹਿਤ ਭਾਰਤ ਦੇ ਲਗਭਗ 99 ਫ਼ੀਸਦੀ ਨਿਰਯਾਤ ਨੂੰ ਯੂਕੇ ਦੇ ਬਾਜ਼ਾਰ ਵਿੱਚ ਡਿਊਟੀ-ਮੁਕਤ ਜਾਂ ਰਿਆਇਤੀ ਪਹੁੰਚ ਮਿਲੇਗੀ। ਇਸ ਨਾਲ ਕੱਪੜਾ ਉਦਯੋਗ, ਇੰਜੀਨੀਅਰਿੰਗ ਸਮਾਨ, ਫਾਰਮਾਸਿਊਟੀਕਲ, ਸਮੁੰਦਰੀ ਉਤਪਾਦ, ਚਮੜਾ ਅਤੇ ਰਤਨ-ਗਹਿਣਿਆਂ ਦੇ ਨਿਰਯਾਤ ਵਿੱਚ ਵਾਧੇ ਦੀ ਸੰਭਾਵਨਾ ਹੈ। ਦੂਜੇ ਪਾਸੇ ਯੂਕੇ ਦੇ ਵਿਸਕੀ, ਆਟੋਮੋਬਾਈਲ ਅਤੇ ਹੋਰ ਉਤਪਾਦਾਂ ਨੂੰ ਵੀ ਭਾਰਤੀ ਬਾਜ਼ਾਰ ਵਿੱਚ ਬਿਹਤਰ ਪਹੁੰਚ ਮਿਲੇਗੀ।
        ਵਪਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੋਪੱਖੀ ਵਪਾਰ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ, ਨਵੇਂ ਨਿਵੇਸ਼ ਆਉਣਗੇ ਅਤੇ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸਕਾਟਲੈਂਡ ਦੇ ਖੁਰਾਕ, ਪੇਅ ਪਦਾਰਥ(ਵਿਸਕੀ, ਜੂਸ, ਸਾਫਟ ਡ੍ਰਿੰਕ, ਚਾਹ,ਕੌਫ਼ੀ ਆਦਿ) ਨਵੀਨਤਾ, ਵਿੱਤੀ ਟੈਕਨੋਲੋਜੀ, ਸਿੱਖਿਆ ਅਤੇ ਸਾਫ਼ ਊਰਜਾ ਖੇਤਰਾਂ ਨੂੰ ਵੀ ਇਸ ਦਾ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਹੈ।