ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਅੰਨ੍ਹੇ ਜਬਰ ਨੇ ਲੋਕ ਰਾਜ ਦੀ ਅਸਲੀਅਤ ਨੰਗੀ ਕੀਤੀ: ਮਨਜੀਤ ਧਨੇਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੁਰੰਤ ਅਸਤੀਫਾ ਦੇਵੇ: ਗੁਰਦੀਪ ਰਾਮਪੁਰਾ 22 ਜੁਲਾਈ ਨੂੰ ਟੋਲ ਪਲਾਜੇ ਕੀਤੇ ਜਾਣਗੇ ਫਰੀ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ: ਗੁਰਦੇਵ ਸਿੰਘ ਮਾਂਗੇਵਾਲ

 

ਚੰਡੀਗੜ੍ਹ, 21 ਜੁਲਾਈ, 2026: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ, 20 ਜੁਲਾਈ ਨੂੰ ਜੰਤਰ ਮੰਤਰ ਤੋਂ ਸੰਸਦ ਵੱਲ ਮਾਰਚ/ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਕਾਕਰੋਚ ਜਨਤਾ ਪਾਰਟੀ ਦੇ ਹਮਾਇਤੀਆਂ ਤੇ ਕੀਤੇ ਅੰਨ੍ਹੇ ਜਬਰ ਦੀ ਸਖ਼ਤ ਨਿਖੇਧੀ ਕੀਤੀ ਹੈ। ਸੂਬਾ ਕਮੇਟੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਕੁੱਟ ਮਾਰ ਲਈ ਵੀ ਸਰਕਾਰ ਨੂੰ ਲਾਹਣਤਾਂ ਪਾਈਆਂ ਹਨ।
ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 89 ਵਾਰ ਪੇਪਰ ਲੀਕ ਹੋਣ ਅਤੇ 17 ਵਿਦਿਆਰਥੀਆਂ ਵੱਲੋਂ ਖੁਦਕਸ਼ੀ ਕਰ ਜਾਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਿੱਖਿਆ ਮੰਤਰੀ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਖ਼ਾਰਜ ਨਾ ਕਰਨ ਲਈ ਅੜੇ ਹੋਏ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਅੱਜ ਤੱਕ ਇਸ ਮਸਲੇ ਤੇ ਮੂੰਹ ਖੋਲ੍ਹਣਾ ਵੀ ਮੁਨਾਸਿਬ ਨਹੀਂ ਸਮਝਿਆ। ਪ੍ਰਧਾਨ ਮੰਤਰੀ ਦੇ ਰਵੱਈਏ ਨੇ ਲਖੀਮਪੁਰ ਖੀਰੀ ਦੀ ਘਟਨਾ ਯਾਦ ਕਰਵਾ ਦਿੱਤੀ ਹੈ ਜਦੋਂ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਕਤਲ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਨਾਮਜ਼ਦ ਕੀਤੇ ਹੋਣ ਦੇ ਬਾਵਜੂਦ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੇ ਸੁਸ਼ੋਭਿਤ ਰੱਖਿਆ ਗਿਆ ਸੀ। ਇਹੋ ਵਤੀਰਾ ਪਹਿਲਵਾਨ ਖਿਡਾਰੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਬ੍ਰਿਜ ਭੂਸ਼ਨ ਵੇਲੇ ਸਾਹਮਣੇ ਆਇਆ ਸੀ।
ਸੂਬਾ ਕਮੇਟੀ ਨੇ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਪਿਛਲੇ ਸਮੇਂ ਤੋਂ ਸਿਵਲ ਕੱਪੜਿਆਂ ਵਾਲੇ ਬੰਦੇ ਪੁਲਿਸ ਨਾਲ ਰਲਕੇ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਕਰਦੇ ਹਨ। ਦਿੱਲੀ ਦੇ ਇਤਿਹਾਸਿਕ ਕਿਸਾਨ ਘੋਲ ਵੇਲੇ 27 ਜਨਵਰੀ 2021 ਨੂੰ ਕਿਸਾਨ ਕੈਂਪ ਤੇ ਕੀਤੇ ਗਏ ਹਮਲੇ ਸਮੇਂ ਅਤੇ 2020 ਵਿੱਚ ਸ਼ਾਹੀਨ ਬਾਗ ਦੇ ਮੋਰਚੇ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਕੀਤੀ ਗਈ ਕੁੱਟਮਾਰ ਵਿੱਚ ਵੀ ਇਹ ਸਿਲਸਿਲਾ ਸਾਹਮਣੇ ਆਇਆ ਸੀ। ਸੂਬਾ ਕਮੇਟੀ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਧਰਮਿੰਦਰ ਪ੍ਰਧਾਨ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਤੁਰੰਤ ਫਾਰਗ ਕੀਤਾ ਜਾਵੇ।
ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਆਰਐਸਐਸ ਦੀ ਨਫਰਤੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਯੂਨੀਵਰਸਿਟੀ ਅੰਦਰ ਸ਼ਾਂਤੀ ਕੁਮਾਰੀ ਅਤੇ ਸਾਧਵੀ ਰਿਤੰਭਰਾ ਦੇ ਪ੍ਰੋਗਰਾਮ ਦੀ ਇਜਾਜ਼ਤ ਦੇਣ ਅਤੇ ਵਿਦਿਆਰਥੀਆਂ ਦੀ ਕੁੱਟਮਾਰ ਦੀ ਵੀ ਸਖ਼ਤ ਨਿਖੇਧੀ ਕੀਤੀ ਹੈ। ਸੂਬਾ ਕਮੇਟੀ ਨੇ ਕਿਹਾ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਵੀ ਕਦੇ ਕਿਸਾਨਾਂ, ਕਦੇ ਅਧਿਆਪਕਾਂ, ਕਦੇ ਅਪ੍ਰੈਂਟਿਸ਼ਸਿਪ ਲਾਈਨ ਮੈਨਾਂ ਹੁਣ ਮਨਰੇਗਾ ਮਜ਼ਦੂਰਾਂ ਤੇ ਜਬਰ ਢਾਹੁਣ ਦੇ ਮਾਮਲੇ ਵਿੱਚ ਮੋਦੀ ਸਰਕਾਰ ਦੀਆਂ ਪੈੜਾਂ ਤੇ ਚੱਲ ਰਹੀ ਹੈ।
ਆਗੂਆਂ ਨੇ ਕਿਹਾ ਕਿ 22 ਜੁਲਾਈ ਨੂੰ ਮੁਕਤ ਵਪਾਰ ਸਮਝੌਤੇ ਦੇ ਖਿਲਾਫ ਸਾਰੇ ਪੰਜਾਬ ਵਿੱਚ 12 ਵਜੇ ਤੋਂ 03 ਵਜੇ ਤੱਕ ਟੋਲ ਪਲਾਜੇ ਫਰੀ ਕੀਤੇ ਜਾਣਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਲਾਏ ਜਾਣਗੇ। ਇਸੇ ਦੌਰਾਨ ਵਿਦਿਆਰਥੀਆਂ ਤੇ ਕੀਤੇ ਜਬਰ ਲਈ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ। ਸੂਬਾ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜ਼ੁਲਮ ਸਿਤਮ ਦੇ ਖ਼ਿਲਾਫ਼ ਆਪਣੀ ਜਥੇਬੰਦਕ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਵਿਗਿਆਨਕ ਲੀਹਾਂ ਤੇ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੇ ਰਾਹ ਪੈਣ।