ਗੁਰਮਤਿ ਸਮਾਗਮ ਦੌਰਾਨ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਦਾ ਧਰਮ ਸੇਵਾ ਐਵਾਰਡ’ ਨਾਲ ਵਿਸੇਸ ਸਨਮਾਨ

 


(ਸੁਖਜਿੰਦਰ ਸਿੰਘ ਢੱਡੇ)- ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਕਵੀ ਤੇ ਕੀਰਤਨੀਏ ਗਿਆਨੀ ਜਤਿੰਦਰ ਸਿੰਘ ਹਿਆਲਾ ਦੇ ਸਹਿਯੋਗ ਨਾਲ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਸਿੱਖ ਪੰਥ ਦੇ ਉੱਘੇ ਪ੍ਰਚਾਰਕ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲਿਆਂ, ਹੈੱਡ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਦਮਦਮੀ ਟਕਸਾਲ, ਸਿੱਖ ਚਿੰਤਕ ਭਾਈ ਸਰਬਜੀਤ ਸਿੰਘ ਸੰਘਾ, ਸੰਤ ਹਰੀ ਸਿੰਘ ਨਾਨਕਸਰ ਵਾਲਿਆਂ ਅਤੇ ਪ੍ਰਸਿੱਧ ਕੀਰਤਨੀਏ, ਪ੍ਰਚਾਰਕ ਤੇ ਕਵੀ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਨੇ ਭਾਈ ਤਾਰੂ ਸਿੰਘ ਜੀ ਦੀ ਲਾਸਾਨੀ ਸ਼ਹਾਦਤ 'ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੀ ਕੁਰਬਾਨੀ ਸਿੱਖ ਕੌਮ ਲਈ ਸਦੀਵੀ ਪ੍ਰੇਰਨਾ ਸਰੋਤ ਹੈ।
ਬੁਲਾਰਿਆਂ ਨੇ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਵੱਲੋਂ ਪੰਥ ਦੀ ਚੜ੍ਹਦੀ ਕਲਾ ਲਈ ਨਿਭਾਈਆਂ ਜਾ ਰਹੀਆਂ ਧਾਰਮਿਕ ਅਤੇ ਸਾਹਿਤਕ ਸੇਵਾਵਾਂ ਦੀ ਵੀ ਭਰਪੂਰ ਸ਼ਬਦਾਂ ਵਿੱਚ ਪ੍ਰਸ਼ੰਸਾ ਕੀਤੀ। ਇਸ ਮੌਕੇ ਗਿਆਨੀ ਜਤਿੰਦਰ ਸਿੰਘ ਹਿਆਲਾ ਵੱਲੋਂ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਦੇ ਜੀਵਨ ਅਤੇ ਸੇਵਾਵਾਂ ਬਾਰੇ ਪ੍ਰਕਾਸ਼ਿਤ ਪੰਜਾਬੀ ਟ੍ਰੈਕਟ ਵੀ ਪ੍ਰਧਾਨ ਜਰਨੈਲ ਸਿੰਘ ਰਾਣਾ ਰਾਹੀਂ ਸੰਗਤਾਂ ਨੂੰ ਜਾਰੀ ਕੀਤਾ ਗਿਆ।
ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਸਟਰ, ਮਾਤਾ ਖੀਵੀ ਜੀ ਸੇਵਾ ਸੁਸਾਇਟੀ ਯੂ.ਕੇ. ਅਤੇ ਪੰਜਾਬ, ਗੁਰੂ ਨਾਨਕ ਸੰਗੀਤ ਸਭਾ ਯੂ.ਕੇ. ਅਤੇ ਹੋਰ ਪੰਥਕ ਸੰਸਥਾਵਾਂ ਵੱਲੋਂ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਨੂੰ ਸਿਰੋਪਾਓ, ਯਾਦਗਾਰੀ ਚਿੰਨ ਅਤੇ 'ਧਰਮ ਸੇਵਾ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਰਦਾਰ ਜਰਨੈਲ ਸਿੰਘ ਰਾਣਾ, ਗਿਆਨੀ ਜਤਿੰਦਰ ਸਿੰਘ ਹਿਆਲਾ, ਗਿਆਨੀ ਰਣਧੀਰ ਸਿੰਘ ਸੰਭਲ, ਗਿਆਨੀ ਸੁਖਚੈਨ ਸਿੰਘ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਅਤੇ ਸੰਤ ਹਰੀ ਸਿੰਘ ਨਾਨਕਸਰ ਵਾਲਿਆਂ ਨੇ ਸਾਂਝੇ ਤੌਰ 'ਤੇ ਭੇਟ ਕੀਤਾ।
ਸਮਾਗਮ ਵਿੱਚ ਗਿਆਨੀ ਦਰਸ਼ਨ ਸਿੰਘ, ਸੰਤ ਜਸਵੰਤ ਸਿੰਘ, ਰਵਿੰਦਰ ਸਿੰਘ, ਗੁਰਮੇਲ ਸਿੰਘ, ਰੂਪ ਰਾਏ, ਜਸਪਾਲ ਸਿੰਘ ਢਿੱਲੋਂ, ਹਾਕਮ ਸਿੰਘ, ਜਗਤਾਰ ਸਿੰਘ ਰਾਹੋਂ, ਕੌਂਸਲਰ ਸੰਤੋਖ ਸਿੰਘ ਅਟਵਾਲ, ਗਿਆਨੀ ਮਲਕੀਤ ਸਿੰਘ, ਬੀਬੀ ਚਰਨਜੀਤ ਕੌਰ, ਪ੍ਰੇਮਜੀਤ ਕੌਰ, ਤਰਨਜੀਤ ਸਿੰਘ ਵਾਲੀਆ, ਸੁਰਜੀਤ ਕੌਰ, ਜੋਗਿੰਦਰ ਸਿੰਘ, ਕਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਟੇਜ ਸੰਚਾਲਨ ਦੀ ਸੇਵਾ ਗਿਆਨੀ ਰਣਧੀਰ ਸਿੰਘ ਸੰਭਲ ਨੇ ਨਿਭਾਈ, ਜਦਕਿ ਅੰਤ ਵਿੱਚ ਗਿਆਨੀ ਜਤਿੰਦਰ ਸਿੰਘ ਹਿਆਲਾ ਨੇ ਸਮੂਹ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਕੈਪਸਨ:-
ਬਲਵੰਤ ਸਿੰਘ ਲਿੱਤਰਾ ਵਾਲਿਆ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ.
ਤਸਵੀਰ :- ਸੁਖਜਿੰਦਰ ਸਿੰਘ ਢੱਡੇ