ਇਟਲੀ ਦੇ ਸਿਏਨਾ ਵਿੱਚ ਕੁਐਸਤੂਰਾ(ਪੁਲਿਸ ਸਟੇਸ਼ਨ) ਦੇ ਇਮੀਗ੍ਰੇਸ਼ਨ ਦਫ਼ਤਰ ਵਿੱਚ ਕੰਮ ਕਰਦਾ ਭਾਰਤੀ ਮੂਲ ਦਾ ਭਾਸ਼ਾ ਟਰਾਂਸਲੇਟਰ ਗ੍ਰਿਫ਼ਤਾਰ

 


ਰੋਮ ਇਟਲੀ 21 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸਿਏਨਾ ਸ਼ਹਿਰ ਵਿੱਚ ਪੁਲਿਸ ਨੇ ਇਮੀਗ੍ਰੇਸ਼ਨ ਦਫ਼ਤਰ (Questura) ਵਿੱਚ ਸੱਭਿਆਚਾਰਕ ਵਿਚੋਲੇ (Cultural Mediator) ਵਜੋਂ ਕੰਮ ਕਰ ਰਹੇ ਭਾਰਤੀ ਮੂਲ ਦੇ 27 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋਸ਼ ਹੈ ਕਿ ਉਹ ਪੈਸਿਆਂ ਦੇ ਬਦਲੇ ਕਾਨੂੰਨੀ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਗੈਰ-ਕਾਨੂੰਨੀ ਢੰਗ ਨਾਲ ਰਹਾਇਸ਼ੀ ਪਰਮਿਟ (Permesso di Soggiorno) ਜਾਰੀ ਕਰਵਾਉਣ ਵਿੱਚ ਮਦਦ ਕਰਦਾ ਸੀ।ਪੁਲਿਸ ਜਾਂਚ ਅਨੁਸਾਰ ਮੁਲਜ਼ਮ ਨੇ ਆਪਣੇ ਅਹੁਦੇ ਅਤੇ ਸਰਕਾਰੀ ਕੰਪਿਊਟਰ ਪ੍ਰਣਾਲੀ ਦੀ ਪਹੁੰਚ ਦਾ ਦੁਰਪਯੋਗ ਕਰਦੇ ਹੋਏ ਕਈ ਅਰਜ਼ੀਆਂ ਵਿੱਚ ਝੂਠੀ ਤਸਦੀਕ ਕੀਤੀ। ਇਸ ਦੇ ਬਦਲੇ ਉਹ ਵੱਡੀ ਰਕਮ ਲੈਂਦਾ ਸੀ। ਇਸ ਮਾਮਲੇ ਵਿੱਚ ਹੋਰ 7 ਵਿਅਕਤੀਆਂ, ਜਿਨ੍ਹਾਂ ਵਿੱਚ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਸ਼ਾਮਲ ਹਨ, ਖ਼ਿਲਾਫ਼ ਵੀ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ 'ਤੇ ਦਲਾਲੀ ਕਰਨ ਜਾਂ ਪੈਸੇ ਦੇ ਕੇ ਪਰਮਿਟ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ। ਜਾਂਚ ਫ਼ੋਨ ਟੈਪਿੰਗ, ਨਿਗਰਾਨੀ, ਦਸਤਾਵੇਜ਼ਾਂ ਦੀ ਜਾਂਚ ਅਤੇ ਪ੍ਰਸ਼ਾਸਨਿਕ ਕਾਰਵਾਈਆਂ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਈ। ਅਦਾਲਤ ਨੇ ਮੁਲਜ਼ਮ ਨੂੰ ਘਰ ਵਿੱਚ ਨਜ਼ਰਬੰਦ (House Arrest) ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਿਏਨਾ ਦੇ ਪੁਲਿਸ ਮੁਖੀ ਨੇ ਉਸ ਦੇ ਚਾਰ ਸਾਲ ਲਈ ਸਿਏਨਾ ਵਾਪਸੀ 'ਤੇ ਪਾਬੰਦੀ ਵੀ ਲਗਾ ਦਿੱਤੀ ਹੈ।